ਉਚੇਰੀ ਸਿੱਖਿਆ
ਅੱਜ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਹੋ ਰਹੀਆਂ ਹਨ।ਇਹ ਜ਼ਰੂਰੀ ਵੀ ਹੈ ਤੇ ਸਮੇਂ ਦੀ ਮੰਗ ਵੀ।ਨਸ਼ਿਆਂ ਵਿੱਚ ਗਲਤਾਨ ਹੋ ਰਹੀ ਜਵਾਨੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ।ਇਨ੍ਹਾਂ ਦਾ ਇਲਾਜ ਸਿਰਫ਼ ਨਸ਼ਾ ਛੁਡਾਊ ਕੇਂਦਰ ਨਹੀਂ ਹਨ । ਮਾਨਸਿਕ ਤੌਰ ਤੇ ਰੋਗੀ ਹੋ ਚੁੱਕੇ ਨੌਜਵਾਨ ਨਸ਼ਾ ਕੇਂਦਰ ਵਿਚ ਜਦੋਂ ਨਸ਼ਾ ਛੱਡ ਕੇ ਆਉਂਦੇ ਹਨ ਤਾਂ ਸਾਹਮਣੇ ਆਉਂਦਿਆਂ ਨੂੰ ਫਿਰ ਬੇਰੁਜ਼ਗਾਰੀ ਖੜ੍ਹੀ ਹੁੰਦੀ ਹੈ।ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦਾ ਘਰ।ਜਿਸ ਕੋਲ ਕਰਨ ਨੂੰ ਕੁਝ ਨਹੀਂ ਹੁੰਦਾ ਉਹ ਅਜਿਹਾ ਕੁਝ ਕਰਨਾ ਲੋਚਦਾ ਹੈ ਜਿਸ ਨਾਲ ਉਹ ਆਪਣੇ ਆਪ ਤੋਂ ਪਰੇ ਹੋ ਸਕੇ।ਆਪਣੀ ਸੋਚ ਤੋਂ ਬਚ ਸਕੇ।ਆਪਣੇ ਭਵਿੱਖ ਦੀ ਸੋਚ ਤੋਂ,ਆਪਣੇ ਵਾਧੂ ਹੋਣ ਦੀ ਸੋਚ ਤੋਂ,ਕਿਸੇ ਦੇ ਆਪਣੇ ਆਪ ਨੂੰ ਪਸੰਦ ਨਾ ਕਰਨ ਦੀ ਸੋਚ ਤੋਂ।ਅਜਿਹਾ ਅਸਲ ਵਿੱਚ ਕੁਝ ਨਹੀਂ ਹੁੰਦਾ ਪਰ ਵਿਅਕਤੀ ਦੇ ਮਨ ਵਿੱਚ ਇਹ ਸਭ ਚੱਲਦਾ ਰਹਿੰਦਾ ਹੈ।ਬਹੁਤ ਜ਼ਰੂਰੀ ਹੈ ਇਸ ਨੌਜਵਾਨ ਨੂੰ ਕਿਸੇ ਕੰਮ ਵੱਲ ਲਾਇਆ ਜਾਵੇ।ਸਕੂਲ ਵਿਚਾਲੇ ਛੱਡ ਚੁੱਕੇ ਬੱਚਿਆਂ ਨੂੰ ਫਿਰ ਵਿੱਦਿਆ ਨਾਲ ਜੋੜਿਆ ਜਾ ਸਕਦਾ ਹੈ।ਇਸ ਨਾਲ ਉਨ੍ਹਾਂ ਦੀ ਊਰਜਾ ਸਹੀ ਪਾਸੇ ਵੱਲ ਲੱਗਦੀ ਹੈ।ਪੰਜਾਬ ਦੇ ਅੱਧੇ ਤੋਂ ਵੱਧ ਨੌਜਵਾਨ ਕਾਲਜੀ ਸਿੱਖਿਆ ਨਹੀਂ ਲੈਂਦੇ।ਸਕੂਲ ਖ਼ਤਮ ਕਰਨ ਉਪਰੰਤ ਉਹ ਬਿਲਕੁਲ ਵਿਹਲੇ ਹੋ ਜਾਂਦੇ ਹਨ ।ਅਜਿਹੇ ਸਮੇਂ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਆਪਣੇ ਨਾਲ ਜੋੜਦੇ ਹਨ।ਅੱਜ ਪੰਜਾਬ ਵਿੱਚ ਦੁਬਾਰਾ ਤੋਂ ਗੈਂਗ ਬਣਨ ਦਾ ਇਹੀ ਕਾਰਨ ਹੈ।ਗੈਂਗ ਵਿਚ ਉਹੀ ਨੌਜਵਾਨ ਸ਼ਾਮਲ ਹੁੰਦੇ ਹਨ ਜੋ ਵਿਹਲੇ ਹਨ।ਜਿਸ ਦਾ ਮਨ ਪੜ੍ਹਾਈ ਵਿੱਚ ਲੱਗਾ ਹੋਇਆ ਹੈ ਉਹ ਅਜਿਹੇ ਕੰਮਾਂ ਵਿੱਚ ਨਹੀਂ ਪੈਂਦਾ।ਇਹ ਸਾਡੀ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਾਲਜ ਦੀ ਸਿੱਖਿਆ ਲਈ ਪ੍ਰੇਰਿਤ ਕਰੀਏ।ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ।ਵਿੱਦਿਆ ਮਨੁੱਖ ਨੂੰ ਸਹੀ ਰਾਹ ਤੇ ਪਾਉਂਦੀ ਹੈ।ਸਕੂਲ ਵਿੱਚ ਵਿਦਿਆਰਥੀ ਸਿਰਫ਼ ਪੜ੍ਹਦਾ ਹੀ ਨਹੀਂ ਉਸ ਨੂੰ ਖੇਡਾਂ ਪ੍ਰਤੀ ਵੀ ਪ੍ਰੇਰਿਆ ਜਾਂਦਾ ਹੈ।ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਆ ਜਾਂਦਾ ਹੈ।ਸੱਭਿਆਚਾਰਕ ਮੁਕਾਬਲੇ ਉਨ੍ਹਾਂ ਨੂੰ ਸੱਭਿਆਚਾਰ ਵੱਲ ਖਿੱਚਦੇ ਹਨ।ਇਸ ਤਰ੍ਹਾਂ ਉਨ੍ਹਾਂ ਵਿਚਲੀ ਊਰਜਾ ਸਹੀ ਪਾਸੇ ਲੱਗਦੀ ਹੈ।ਅਧਿਆਪਕ ਜਾਂ ਵਿਦਵਾਨ ਹੋਣ ਦੇ ਨਾਤੇ ਸਿਰਫ਼ ਖ਼ਬਰ ਨੂੰ ਪੜ੍ਹ ਲੈਣਾ ਤੇ ਉਸ ਤੇ ਖੇਦ ਪ੍ਰਗਟ ਕਰਨਾ ਸਾਡਾ ਕੰਮ ਨਹੀਂ।ਸਾਨੂੰ ਅੱਗੇ ਆ ਕੇ ਕੰਮ ਕਰਨਾ ਪਵੇਗਾ।ਆਪਣੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਨਾ ਪਵੇਗਾ।ਸਾਡੇ ਕੋਲ ਹਰ ਤਰ੍ਹਾਂ ਦੀ ਕਾਲਜ ਹਨ। ਘਾਟ ਹੈ ਤਾਂ ਸਿਰਫ ਵਿਦਿਆਰਥੀਆਂ ਨੂੰ ਇਸ ਦੀ ਜਾਣਕਾਰੀ ਦੀ।ਬਾਰ੍ਹਵੀਂ ਜਮਾਤ ਵਿਚ ਕੈਰੀਅਰ ਗਾਈਡੈਂਸ ਵਿਚ ਅਸੀਂ ਬੱਚਿਆਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਸਕਦੇ ਹਾਂ ਕਿ ਭਵਿੱਖ ਵਿੱਚ ਉਹ ਕਿਹੜੀ ਪੜ੍ਹਾਈ ਕਰ ਸਕਦੇ ਹਨ।ਕਿੱਤਾ ਮੁਖੀ ਕੋਰਸਾਂ ਨਾਲ ਉਨ੍ਹਾਂ ਨੂੰ ਜੋੜਿਆ ਜਾ ਸਕਦਾ ਹੈ।ਇਹ ਬਹੁਤ ਜ਼ਰੂਰੀ ਹੈ ਕਿ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਨੂੰ ਸਹੀ ਪਾਸੇ ਲਾਇਆ ਜਾਵੇ।ਅਧਿਆਪਕ ਲਈ ਇਹ ਕਾਰਜ ਬਹੁਤਾ ਔਖਾ ਨਹੀਂ। ਮਾਂ ਬਾਪ ਨੂੰ ਘੱਟ ਜਾਣਕਾਰੀ ਹੋਣ ਕਰਕੇ ਬੱਚੇ ਇਸ ਤੋਂ ਵਾਂਝੇ ਰਹਿ ਜਾਂਦੇ ਹਨ।ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਰਾਹ ਪਾਈਏ। ਰਾਹ ਤੋਂ ਭਟਕੀ ਨੌਜਵਾਨੀ ਨੂੰ ਸਮਝਾ ਕੇ ਸਹੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰੀਏ।ਸੂਝਵਾਨ ਮਨੁੱਖ ਲੇਖਕ ਵਿਦਵਾਨ ਸਾਰੇ ਹੀ ਇਸ ਕੰਮ ਵਿੱਚ ਭਾਗੀਦਾਰ ਬਣਨ।ਆਓ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰੀਏ।
ਹਰਪ੍ਰੀਤ ਕੌਰ ਸੰਧੂ