ਕਿਸੇ ਦਾ ਨੁਕਸਾਨ ਨਾ ਕਰੋ।ਨਾ ਸ਼ਬਦਾਂ ਨਾਲ, ਨਾ ਕਰਮਾਂ ਨਾਲ।
ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਯੁੱਧ ਵਿੱਚ ਜੂਝ ਰਿਹਾ ਹੈ।ਉਸ ਦੇ ਹਾਲਾਤ ਤੋਂ ਕੇਵਲ ਉਹ ਹੀ ਜਾਣੂ ਹੈ।ਅਸੀਂ ਕਿਸੇ ਦੇ ਚਿਹਰੇ ਨੂੰ ਦੇਖ ਕੇ ਉਸਦੇ ਅੰਦਰ ਦੀ ਕਹਾਣੀ ਨਹੀਂ ਸਮਝ ਸਕਦੇ।ਉਹ ਕਿਹੜੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ ਇਹ ਤਾਂ ਉਹੀ ਜਾਣਦਾ ਹੈ।ਸਾਡੇ ਹੱਥ ਵਿੱਚ ਸਿਰਫ਼ ਇੱਕ ਚੀਜ਼ ਹੈ।ਉਸ ਨਾਲ ਚੰਗਾ ਵਰਤਾਅ ਕਰਨਾ ਤੇ ਚੰਗਾ ਬੋਲਣਾ।ਸਾਨੂੰ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਨਾ ਸ਼ਬਦਾਂ ਨਾਲ ਨਾ ਕਰਮਾਂ ਨਾਲ।ਕਈ ਵਾਰ ਅਸੀਂ ਜਾਣੇ ਅਣਜਾਣੇ ਹੀ ਕੋਈ ਅਜਿਹੀ ਗੱਲ ਕਹੇ ਜਾਂਦੇ ਹਾਂ ਦੂਸਰੇ ਦੇ ਅੰਦਰ ਤਕ ਖੁੱਭ ਜਾਂਦੀ ਹੈ।ਕੋਈ ਅਜਿਹਾ ਕੰਮ ਕਰ ਦਿੰਦੇ ਹਾਂ ਜੋ ਕਿਸੇ ਨੂੰ ਬਹੁਤ ਤਕਲੀਫ਼ ਦਿੰਦਾ ਹੈ।ਇਨ੍ਹਾਂ ਦੋਹਾਂ ਹਾਲਾਤਾਂ ਵਿਚ ਅਸੀਂ ਮਨੁੱਖ ਦੀ ਪ੍ਰੇਸ਼ਾਨੀ ਬਹੁਤ ਵਧਾ ਦਿੰਦੇ ਹਾਂ।ਕਈ ਵਾਰ ਤਾਂ ਕੋਈ ਮਨੁੱਖ ਦੁੱਖਾਂ ਇਨ੍ਹਾਂ ਭਰਿਆ ਹੁੰਦਾ ਹੈ ਸਾਡੀ ਛੋਟੀ ਜਿਹੀ ਗਲਤੀ ਹੀ ਫਿਸ ਪੈਂਦਾ ਹੈ।ਜਿਵੇਂ ਇਕ ਭਰਿਆ ਹੋਇਆ ਫੋੜਾ ਹਲਕੀ ਜਿਹੀ ਚੋਭ ਨਾਲ ਫਿਸ ਪੈਂਦਾ ਹੈ।ਅਣਜਾਣੇ ਵਿਚ ਕੁਝ ਹੋ ਜਾਵੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰਨਾ ਚੰਗਾ ਨਹੀਂ।ਕਿਸੇ ਨੂੰ ਅਜਿਹੀ ਸ਼ਬਦ ਬੋਲਣਾ ਜੋ ਉਸ ਦੀ ਸ਼ਾਨ ਦੇ ਖ਼ਿਲਾਫ਼ ਹਨ ਉਚਿਤ ਨਹੀਂ।ਇਹ ਦੁਨਿਆਵੀ ਰੁਤਬੇ ਤੇ ਅਹੁਦੇ ਕੁਝ ਨਹੀਂ ਹੁੰਦੇ।ਮਨੁੱਖ ਦੀ ਜ਼ੁਬਾਨ ਹੀ ਉਸ ਦੇ ਅਹੁਦੇ ਨੂੰ ਨਿਰਧਾਰਿਤ ਕਰਦੀ ਹੈ।ਜੇਕਰ ਤੁਸੀਂ ਦੂਸਰਿਆਂ ਨੂੰ ਉਨ੍ਹਾਂ ਦੇ ਦੁਨਿਆਵੀ ਅਹੁਦਿਆਂ ਨਾਲ ਪਰਖਦੇ ਹੋ ਤਾਂ ਬਹੁਤ ਵੱਡੀ ਭੁੱਲ ਕਰ ਰਹੇ ਹੋ।ਅਕਸਰ ਅਫ਼ਸਰ ਆਪਣੇ ਮਤਹਿਤ ਲੋਕਾਂ ਨੂੰ ਕੁਰੱਖ਼ਤ ਸ਼ਬਦਾਂ ਦਾ ਇਸਤੇਮਾਲ ਕਰ ਮੁਖਾਤਿਬ ਹੁੰਦੇ ਹਨ।ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ।ਰੁਤਬਾ ਤੁਹਾਨੂੰ ਇਹ ਹੱਕ ਨਹੀਂ ਦਿੰਦਾ ਤੁਸੀਂ ਕਿਸ ਦਾ ਦਿਲ ਦਿਮਾਗ ਵਿੰਨ੍ਹ ਦਿਓ।ਰੁਤਬੇ ਦਾ ਸਹੀ ਇਸਤੇਮਾਲ ਤਾਂ ਇਹ ਹੈ ਕਿ ਤੁਸੀਂ ਦੂਸਰੇ ਲਈ ਸੁਹਿਰਦ ਹੋਣ ਦੇ ਨਾਲ ਨਾਲ ਉਸ ਦੇ ਕੰਮ ਨੂੰ ਆਸਾਨ ਵੀ ਕਰੋ।ਮਨੁੱਖ ਦੀ ਕਦਰ ਉਸ ਦੇ ਰੁਤਬੇ ਨਾਲ ਨਹੀਂ ਇਸ ਸੁਭਾਅ ਨਾਲ ਹੁੰਦੀ ਹੈ।ਜਾਣੇ ਅਣਜਾਣੇ ਵਿੱਚ ਕਈ ਬਰਸੀ ਅਜਿਹੇ ਕਰਮ ਕਰ ਬੈਠਦੇ ਹਾਂ ਜੋ ਕਿਸੇ ਦੂਜੇ ਲਈ ਦੁੱਖ ਦਾ ਕਾਰਨ ਬਣਦੇ ਹਨ।ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਮਨੁੱਖ ਗਲਤੀਆਂ ਦਾ ਪੁਤਲਾ ਹੈ।ਕਈ ਵਾਰ ਭਾਵਨਾਵਾਂ ਦੇ ਆਵੇਸ਼ ਵਿੱਚ ਅਸੀਂ ਅਜਿਹੇ ਕਰਮ ਕਰ ਬੈਠਦੇ ਹਾਂ ਜੋ ਦੂਜਿਆਂ ਲਈ ਤਕਲੀਫ ਦੇ ਹੁੰਦੇ ਹਨ।ਪਰ ਜਦੋਂ ਸਮਝ ਆ ਜਾਵੇ ਉਦੋਂ ਹੀ ਅਜਿਹੇ ਕੰਮਾਂ ਤੋਂ ਤੌਬਾ ਕਰ ਲਓ।ਹਰ ਇੱਕ ਨਾਲ ਮਿੱਠਾ ਬੋਲੋ।ਇਸ ਨਾਲ ਹੋਰ ਕੁਝ ਨਹੀਂ ਤਾਂ ਉਸ ਨੂੰ ਤੁਸੀਂ ਇੱਕ ਸ਼ੀਤਲਤਾ ਇੱਕ ਧਰਵਾਸ ਤਾਂ ਦੇ ਸਕਦੇ ਹੋ।ਹਰ ਕਿਸੇ ਨਾਲ ਖ਼ੁਸ਼ ਹੋ ਕੇ ਗੱਲ ਕਰੋ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਸ਼ਬਦ ਸਾਡੇ ਆਖ਼ਰੀ ਸ਼ਬਦ ਹੋਣ।ਜੇ ਕੋਈ ਤੁਹਾਡਾ ਬੁਰਾ ਕਰਦਾ ਹੈ ਤੇਰਾ ਬਦਲਾ ਲਊ ਪ੍ਰਵਿਰਤੀ ਨਾ ਰੱਖੋ।ਗੱਲ ਨੂੰ ਉੱਥੇ ਹੀ ਖ਼ਤਮ ਕਰ ਦਿਓ।ਇਸ ਵਿੱਚ ਤੁਹਾਡਾ ਹੀ ਭਲਾ ਹੈ।ਈਰਖਾ, ਸਾੜਾ, ਬਦਲਾ ਤੁਹਾਨੂੰ ਹੀ ਸਾੜਦੇ ਹਨ।ਇਨ੍ਹਾਂ ਦਾ ਸੇਕ ਪਹਿਲਾਂ ਤੁਹਾਨੂੰ ਪਰੇਸ਼ਾਨ ਕਰਦਾ ਹੈ ਫਿਰ ਦੂਜੇ ਨੂੰ।ਕੋਸ਼ਿਸ਼ ਕਰੋ ਕਿ ਨਿਮਰਤਾਪੂਰਵਕ ਵਿਵਹਾਰ ਕਰੋ।ਇਸ ਦਾ ਮਤਲਬ ਇਹ ਬਿਲਕੁਲ ਨਾ ਲਓ ਕਿਸੇ ਦੀ ਗ਼ਲਤ ਗੱਲ ਨੂੰ ਸਹਿਣ ਕਰ ਲਓ।ਜ਼ੁਲਮ ਕਰਨਾ ਵੀ ਪਾਪ ਹੈ ਤੇ ਸਹਿਣਾ ਵੀ।ਆਪਣੇ ਸ਼ਬਦਾਂ ਨੂੰ ਸੋਚ ਕੇ ਬੋਲੇ।ਆਪਣੇ ਆਪ ਨੂੰ ਦੂਜੇ ਦੀ ਥਾਂ ਰੱਖ ਕੇ ਸੋਚੋ ਕਿ ਜੇ ਅਜਿਹਾ ਤੁਹਾਨੂੰ ਕਿਹਾ ਜਾਂਦਾ ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ।ਆਪਣੇ ਸ਼ਬਦਾਂ ਤੇ ਆਪਣੇ ਕਰਮਾਂ ਨਾਲ ਕੋਸ਼ਿਸ਼ ਕਰੋ ਕਿ ਕਿਸੇ ਨੂੰ ਦੁੱਖ ਨਾ ਪਹੁੰਚੇ।ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਹੱਸ ਖੇਡਕੇ ਗੁਜ਼ਾਰਨਾ ਚਾਹੀਦਾ ਹੈ।ਖ਼ੁਸ਼ ਰਹੋ ਤੇ ਖੁਸ਼ੀਆਂ ਵੰਡੋ।
ਹਰਪ੍ਰੀਤ ਕੌਰ ਸੰਧੂ