ਸਫਲਤਾ ਦੀ ਕੁੰਜੀ
ਅੱਜ ਦੇ ਜੀਵਨ ਵਿੱਚ ਹਰ ਕੋਈ ਸਫਲ ਹੋਣਾ ਚਾਹੁੰਦਾ ਹੈ।ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਸਫ਼ਲਤਾ ਦੀ ਪੌੜੀ ਦੇ ਅਖੀਰਲੇ ਸਿਰੇ ਤੇ ਖੜ੍ਹਾ ਹੋਵੇ।ਜੋ ਉਹ ਚਾਹੁੰਦਾ ਹੈ ਉਹ ਪ੍ਰਾਪਤ ਕਰੇ।ਪਰ ਇੱਕ ਗੱਲ ਅਸੀਂ ਭੁੱਲ ਗਏ ਹਾਂ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੈ।ਸਖ਼ਤ ਮਿਹਨਤ ਸਿਰਫ਼ ਕਹਿਣ ਨਾਲ ਮਿਹਨਤ ਕਰੋ, ਨਹੀਂ ਹੋ ਜਾਂਦੀ।ਮਨੁੱਖ ਦੇ ਮਨ ਵਿੱਚ ਇੱਕ ਤੜਪ ਹੋਣੀ ਜ਼ਰੂਰੀ ਹੈ।ਜੋ ਅੱਜ ਉਮਰ ਦੇ ਪੰਜਵੇਂ ਦਹਾਕੇ ਵਿੱਚ ਹਨ ਉਹ ਜਾਣਦੇ ਹਨ ਕਿ ਬਚਪਨ ਵਿਚ ਕੋਈ ਚੀਜ਼ ਉਦੋਂ ਮਿਲਦੀ ਸੀ ਜਦੋਂ ਅਸੀਂ ਕੋਈ ਪ੍ਰਾਪਤੀ ਕਰ ਲੈਂਦੇ ਸੀ।ਪੇਪਰਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਤੇ ਸਾਈਕਲ ਜਾਂ ਘੜੀ ਮਿਲਣਾ,ਖੇਡਾਂ ਵਿੱਚ ਕੋਈ ਮੁਕਾਮ ਹਾਸਲ ਕਰਨ ਤੇ ਨਵੇਂ ਟ੍ਰੈਕ ਸੂਟ ਮਿਲਣਾ ਤੇ ਸਪੋਰਟਸ ਸ਼ੂ ਮਿਲਣਾ।ਪਰ ਅੱਜ ਬੱਚਿਆਂ ਵਿੱਚ ਤੜਪ ਦੀ ਕਮੀ ਹੈ।ਇਸ ਦਾ ਕਾਰਨ ਬੱਚੇ ਨਹੀਂ ਹਨ।ਇਸ ਦਾ ਕਾਰਨ ਮਾਂ ਬਾਪ ਅਤੇ ਅਧਿਆਪਕ ਹਨ।ਮਨੋਵਿਗਿਆਨ ਕਹਿੰਦਾ ਹੈ ਕਿਸੇ ਵੀ ਇੱਛਾ ਦੀ ਪੂਰਤੀ ਤੁਰੰਤ ਹੋ ਜਾਣਾ ਮਨੁੱਖ ਦੇ ਮਨ ਨੂੰ ਪ੍ਰਭਾਵਿਤ ਕਰ ਗਤੀਸ਼ੀਲ ਨਹੀਂ ਬਣਾਉਂਦਾ।ਬੱਚੇ ਦੇ ਮਨ ਅੰਦਰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਲਲਕ ਹੋਵੇ,ਮਾਤਾ ਪਿਤਾ ਉਸਨੂੰ ਕੋਈ ਉਦੇਸ਼ ਦੇਣ ਜਿਸ ਦੀ ਪ੍ਰਾਪਤੀ ਤੇ ਉਸ ਦੀ ਇੱਛਾ ਪੂਰੀ ਕੀਤੀ ਜਾਵੇ।ਇਸ ਤਰ੍ਹਾਂ ਬੱਚਾ ਸਿੱਖਦਾ ਹੈ ਇਹ ਕਿਵੇਂ ਲਗਨ ਤੇ ਮਿਹਨਤ ਨਾਲ ਪ੍ਰਾਪਤੀ ਹੁੰਦੀ ਹੈ।ਇਸ ਪ੍ਰਕਿਰਿਆ ਵਿਚ ਬੱਚਾ ਹਾਰਨਾ ਵੀ ਸਿੱਖਦਾ ਹੈ ਤੇ ਹਾਰ ਕੇ ਦੁਬਾਰਾ ਖੜ੍ਹੇ ਹੋਣਾ ਵੀ ਸਿੱਖਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਜੋ ਕਿ ਵਿਕਾਸ ਲਈ ਬਹੁਤ ਜ਼ਰੂਰੀ ਹੈ।ਬੱਚੇ ਦੇ ਮਾਨਸਿਕ ਤੇ ਬੌਧਿਕ ਵਿਕਾਸ ਦੌਰਾਨ ਉਸ ਨੂੰ ਚਿੱਤ ਤਿਉਹਾਰ ਦੋਵਾਂ ਨੂੰ ਸਹਿਣ ਕਰਨਾ ਆਉਣਾ ਚਾਹੀਦਾ ਹੈ।ਜੇਕਰ ਬੱਚਾ ਇੱਕ ਜਿੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਅੰਦਰ ਅਹਿਮ ਆਉਣ ਦੀ ਜਗ੍ਹਾ ਦੂਜੀ ਜਿੱਤ ਲਈ ਲਲਕ ਹੋਣੀ ਚਾਹੀਦੀ ਹੈ।ਉਹ ਜਿਸ ਮੁਕਾਮ ਤੇ ਹੈ ਉਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰੇ।ਪਰ ਇਹ ਸਭ ਨਹੀਂ ਹੋ ਰਿਹਾ ਅਤੇ ਇਸ ਦਾ ਕਾਰਨ ਅਸੀਂ ਮਾਤਾ ਪਿਤਾ, ਅਧਿਆਪਕ ਤੇ ਸਮਾਜ ਹਾਂ।ਅੱਜ ਹਰ ਘਰ ਵਿੱਚ ਇੱਕ ਜਾਂ ਦੋ ਬੱਚੇ ਹਨ।ਮਾਤਾ ਪਿਤਾ ਨੂੰ ਆਪਣੇ ਬੱਚੇ ਬਹੁਤ ਲਾਡਲੀ ਹੁੰਦੇ ਹਨ।ਉਹ ਬੱਚਿਆਂ ਦੇ ਵਿੱਚ ਇੱਛਾ ਜਾਗਣ ਤੋਂ ਪਹਿਲਾਂ ਹੀ ਉਸ ਨੂੰ ਹਰ ਉਹ ਚੀਜ਼ ਲੈ ਦਿੰਦੇ ਹਨ ਜੋ ਸਮੇਂ ਅਨੁਸਾਰ ਬੱਚੇ ਦੀ ਲੋੜ ਹੈ।ਬਿਨਾਂ ਮੰਗਿਆਂ ਹੀ ਸਭ ਕੁਝ ਮਿਲ ਜਾਣਾ ਜਿੱਥੇ ਬੱਚਿਆਂ ਨੂੰ ਖੁਸ਼ੀ ਦਿੰਦਾ ਹੈ ਉੱਥੇ ਹੀ ਉਨ੍ਹਾਂ ਨੂੰ ਜੀਵਨ ਵਿਚ ਸੰਘਰਸ਼ ਕਰਨ ਦੇ ਗੁਣ ਤੋਂ ਵਿਰਵੇ ਕਰਦਾ ਹੈ।ਬੱਚੇ ਨੂੰ ਛੋਟੇ ਛੋਟੇ ਉਪਦੇਸ਼ ਦੇ ਕੇ ਬਹੁਤੀਆਂ ਨਿੱਕੇ ਨਿੱਕੇ ਇੱਛਾਵਾਂ ਨੂੰ ਪੂਰਾ ਕਰਨਾ ਸਾਡੇ ਲਈ ਜ਼ਰੂਰੀ ਹੈ।ਇਸ ਨਾਲ ਬੱਚਾ ਸੰਘਰਸ਼ ਤੇ ਪ੍ਰਾਪਤੀਆਂ ਨੂੰ ਸਿੱਖੇਗਾ।ਇਨ੍ਹਾਂ ਦੋਹਾਂ ਦੇ ਸਬੰਧ ਨੂੰ ਸਮਝੇਗਾ।ਜਿਸ ਬੱਚੇ ਨੂੰ ਇਹ ਗੱਲ ਸਮਝ ਆ ਗਈ ਕਿ ਮਿਹਨਤ ਕਰਨ ਤੋਂ ਬਾਅਦ ਪ੍ਰਾਪਤੀ ਹੁੰਦੀ ਹੈ ਉਹ ਜ਼ਿੰਦਗੀ ਵਿੱਚ ਕਦੀ ਮਾਰ ਨਹੀਂ ਖਾਏਗਾ।ਅੱਜ ਅਸੀਂ ਅਕਸਰ ਦੇਖਦੇ ਹਾਂ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੱਚੇ ਖ਼ੁਦਕੁਸ਼ੀ ਤਕ ਕਰ ਲੈਂਦੇ ਹਨ।ਛੋਟੇ ਛੋਟੇ ਬੱਚੇ ਨਿਰਾਸ਼ ਹੋ ਜਾਂਦੇ ਹਨ ਤੇ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਹਨ।ਇਸ ਦਾ ਮੁੱਖ ਕਾਰਨ ਇੱਛਾ ਪੂਰਤੀ ਨਾ ਹੋਣਾ,ਮਨ ਵਿੱਚ ਤੜਪ ਪੈਦਾ ਹੁਣ ਤੇ ਉਸ ਦੀ ਇੱਛਾ ਲਈ ਯਤਨਸ਼ੀਲ ਨਾ ਹੋਣਾ ਅਤੇ ਛੇਤੀ ਹੀ ਢੇਰੀ ਢਾਹ ਦੇਣਾ ਹੈ।ਸਾਨੂੰ ਜ਼ਰੂਰਤ ਹੈ ਕੇ ਸੀ ਬੱਚੇ ਨੂੰ ਸੰਘਰਸ਼ ਦਾ ਰਾਹ ਦਿਖਾਈਏ।ਉਦਾਹਰਣਾਂ ਨਾਲ ਉਹ ਇਹ ਸਮਝਾਈਏ ਕਿ ਮਿਹਨਤ ਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ।ਸਿਰਫ਼ ਇੱਕ ਕਹਾਣੀ ਪੜਾਅ ਦੇਣ ਨਾਲ ਬੱਚਾ ਇਸ ਗੱਲ ਨੂੰ ਨਹੀਂ ਸਮਝਦਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਜਾਂ ਕਿਸੇ ਪ੍ਰਾਪਤੀ ਦੀ ਮਿਹਨਤ ਕਰਨੀ ਪੈਂਦੀ ਹੈ।ਇਹ ਵਿਵਹਾਰਿਕ ਗੁਣ ਹੈ।ਮਾਤਾ ਪਿਤਾ ਨੂੰ ਜ਼ਰੂਰਤ ਹੈ ਬੱਚੇ ਨੂੰ ਮਜ਼ਬੂਤ ਬਣਾਉਣ ਮਾਨਸਿਕ ਤੌਰ ਤੇ।ਬੱਚੇ ਨੂੰ ਜਿਥੇ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ ਦੀ ਸਮਝ ਹੋਵੇ ਉਸ ਤਿਉਹਾਰ ਨੂੰ ਮਨਜ਼ੂਰ ਕਰਨਾ ਵੀ ਆਉਂਦਾ ਹੋਵੇ।ਇਸ ਹਾਰ ਨੂੰ ਜੀਵਨ ਦਾ ਅੰਤ ਨਾ ਸਮਝ ਲਵੇ ਸਗੋਂ ਸੰਘਰਸ਼ ਤੇ ਮਿਹਨਤ ਨਾਲ ਫਿਰ ਤੋਂ ਆਪਣੇ ਉਦੇਸ਼ ਦੀ ਪ੍ਰਾਪਤੀ ਵਿੱਚ ਲੱਗ ਜਾਵੇ।ਇਸ ਲਈ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਉਦੇਸ਼ ਦਿਓ।ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪਾਓ।ਦੇਖਾ ਦੇਖੀ ਬੱਚੇ ਨੂੰ ਚੀਜ਼ਾਂ ਦੇ ਭੰਡਾਰ ਨਾ ਲਗਾ ਕੇ ਦਿਓ।ਬੱਚੇ ਕੱਚੀ ਮਿੱਟੀ ਵਾਂਗ ਹੁੰਦੇ ਹਨ ਜਿਸ ਸਾਂਚੇ ਵਿੱਚ ਢਾਲੋਗੇ ਉਹੋ ਜਿਹੇ ਹੋ ਜਾਣਗੇ। ਸਜ਼ਾ ਤੇ ਇਨਾਮ ਦਾ ਸਿੱਖਿਆ ਵਿੱਚ ਬਹੁਤ ਮਹੱਤਵ ਹੈ।ਪਰ ਯਾਦ ਰੱਖੋ ਸਜ਼ਾ ਕਦੀ ਵੀ ਸਰੀਰਕ ਨਹੀਂ ਹੋਣੀ ਚਾਹੀਦੀ।ਛੋਟੀ ਜਿਹੀ ਸਜ਼ਾ ਜੋ ਬੱਚੇ ਨੂੰ ਮਾਨਸਿਕ ਤੌਰ ਤੇ ਨੁਕਸਾਨ ਨਾ ਪਹੁੰਚਾਵੇ ਸਭ ਉਸ ਨੂੰ ਇਹ ਸਮਝਾਵੇ ਕਿ ਉਸ ਨੇ ਗਲਤੀ ਕੀਤੀ ਹੈ ਬਹੁਤ ਮਹੱਤਵਪੂਰਨ ਹੈ।ਕੋਸ਼ਿਸ਼ ਕਰੋ ਕਿ ਬੱਚੇ ਤੇ ਹਰ ਚੰਗੇ ਕੰਮ ਤੇ ਉਸ ਨੂੰ ਇਨਾਮ ਦਿਓ।ਪਰ ਇਹ ਇਨਾਮ ਮੋਬਾਈਲ,ਆਈ ਪੈਡ ਜਾਂ ਵੱਡੇ ਵੱਡੇ ਤੋਹਫ਼ੇ ਨਾ ਹੋਣ।ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਕ ਮਜ਼ਬੂਤ ਸ਼ਖ਼ਸੀਅਤ ਦਾ ਮਾਲਕ ਬਣੇ ਇਸ ਤੋਂ ਉਪਰ ਦੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ।
ਹਰਪ੍ਰੀਤ ਕੌਰ ਸੰਧੂ