ਸਮੇਂ ਦਾ ਮਹੱਤਵ
ਤੁਸੀਂ ਉਡੀਕ ਕਰੋ ਜਾਂ ਨਾ ਕਰੋ ਕੱਲ੍ਹ ਦਾ ਦਿਨ ਜ਼ਰੂਰ ਆਵੇਗਾ।ਬਦਲਾਅ ਜ਼ਿੰਦਗੀ ਦਾ ਨਿਯਮ ਹੈ।ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ।ਕਦੇ ਨਹੀਂ ਰੁਕਦਾ ਕਿਸੇ ਲਈ ਨਹੀਂ ਰੁਕਦਾ।ਸਮੇਂ ਬਾਰੇ ਭਾਈ ਵੀਰ ਸਿੰਘ ਕਹਿੰਦੇ ਹਨ
ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ
ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ
ਤ੍ਰਿਖੇ ਏਸ ਦੇ ਵੇਗ ਟੱਪ ਗਿਆ ਬੰਨ੍ਹੇ ਬੰਨ੍ਹੀ
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ।ਜ਼ਿੰਦਗੀ ਵਿੱਚ ਹਮੇਸ਼ਾਂ ਅੱਜ ਨਹੀਂ ਰਹਿੰਦਾ।ਜੋ ਹੁਣ ਹੈ ਜੋ ਇਸ ਵੇਲੇ ਹੋ ਰਿਹਾ ਹੈ ਉਹ ਹਮੇਸ਼ਾ ਨਹੀਂ ਰਹੇਗਾ।ਦਿਨ ਬੀਤ ਹੀ ਜਾਣਾ ਹੈ।ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਨੂੰ ਰੋ ਕੇ ਬਿਤਾਉਂਦੇ ਹੋ ਜਾਂ ਹੱਸ ਕੇ।ਇਸ ਲਈ ਸਾਨੂੰ ਆਪਣਾ ਨਜ਼ਰੀਆ ਸਾਕਾਰਾਤਮਕ ਰੱਖਣਾ ਪਵੇਗਾ।ਮਨੁੱਖ ਨੂੰ ਆਦਤ ਹੈ ਹਰ ਗੱਲ ਨੂੰ ਕੱਲ੍ਹ ਤੇ ਛੱਡ ਦੇਣ ਦੀ।ਇਹ ਕਦੀ ਨਾ ਭੁੱਲੋ ਕਿ ਕੱਲ੍ਹ ਜ਼ਰੂਰ ਆਵੇਗਾ।ਜੇਕਰ ਅਸੀਂ ਹਮੇਸ਼ਾ ਅੱਜ ਦਾ ਕੰਮ ਕੱਲ੍ਹ ਤੇ ਛੱਡਦੇ ਰਹਾਂਗੇ ਤਾਂ ਉਹ ਕੰਮ ਕਦੀ ਨਹੀਂ ਹੋ ਪਾਏਗਾ।ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਦੀ ਰਫ਼ਤਾਰ ਨੂੰ ਸਮਝੀਏ ਅਤੇ ਉਸ ਦੇ ਮੁਤਾਬਿਕ ਕਾਰਜ ਕਰੀਏ।ਸਮੇਂ ਦੇ ਨਾਲ ਤੇ ਸਮੇਂ ਦੇ ਮੁਤਾਬਕ ਚੱਲਣ ਵਾਲਾ ਸਫਲਤਾ ਪ੍ਰਾਪਤ ਕਰਦਾ ਹੈ।ਜੋ ਮਨੁੱਖ ਸਮੇਂ ਦੇ ਮਹੱਤਵ ਨੂੰ ਸਮਝ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਕਦੀ ਮਾਰ ਨਹੀਂ ਖਾਂਦਾ।ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਅਸੀਂ ਤਾਂ ਬਸ ਟਾਈਮ ਪਾਸ ਕਰ ਰਹੇ ਹਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਟਾਈਮ ਸਾਨੂੰ ਪਾਸ ਕਰ ਰਿਹਾ ਹੈ।ਅਸੀਂ ਸਮੇਂ ਨੂੰ ਨਹੀਂ ਬਿਤਾ ਰਹੇ ਸਮਾਂ ਸਾਨੂੰ ਬਿਤਾ ਰਿਹਾ ਹੈ।ਹਰ ਪਲ ਸੁਖ ਜ਼ਿੰਦਗੀ ਵਿਚ ਲੰਘ ਜਾਂਦਾ ਹੈ ਮੁੜ ਕਦੀ ਨਹੀਂ ਆਉਂਦਾ।ਕੱਲ੍ਹ ਜ਼ਰੂਰ ਆਏਗਾ ਇਸ ਦਾ ਭਾਵ ਇਹ ਵੀ ਹੈ ਕਿ ਤੁਸੀਂ ਆਸ਼ਾਵਾਦੀ ਰਹੋ।ਸਮਾਂ ਜ਼ਰੂਰ ਬਦਲੇਗਾ।ਆਉਣ ਵਾਲਾ ਸਮਾਂ ਕੁਝ ਨਵੀਆਂ ਗੱਲਾਂ ਕੁਝ ਨਵੀਆਂ ਪ੍ਰਾਪਤੀਆਂ ਲੈ ਕੇ ਆਏਗਾ।ਬੀਤੇ ਤੇ ਪਛਤਾਉਣ ਨਾਲੋਂ ਆਉਣ ਵਾਲੇ ਸਮੇਂ ਲਈ ਤਿਆਰੀ ਕਰੋ।ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਸਹੀ ਸਮੇਂ ਨੂੰ ਉਡੀਕ ਰਹੇ ਹੋ ਕਿਉਂਕਿ ਸਮੇਂ ਨੇ ਤਾਂ ਆ ਹੀ ਜਾਣਾ ਹੈ।ਤੁਹਾਨੂੰ ਆਪਣੇ ਯਤਨਾਂ ਵਿੱਚ ਲਗਾਤਾਰਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।ਵਿਦਿਆਰਥੀਆਂ ਲਈ ਇਹ ਗੱਲ ਬਹੁਤ ਢੁੱਕਵੀਂ ਹੈ ਕੀ ਉਸ ਸਮੇਂ ਦੇ ਮਹੱਤਵ ਨੂੰ ਸਮਝਣ। ਹੁਣ ਪ੍ਰੀਖਿਆ ਦੇ ਦਿਨ ਹਨ।ਇਨ੍ਹਾਂ ਦਿਨਾਂ ਵਿਚ ਸਮੇਂ ਦਾ ਸਹੀ ਉਪਯੋਗ ਬਹੁਤ ਜ਼ਰੂਰੀ ਹੈ।ਕਈ ਵਾਰ ਵਿਦਿਆਰਥੀ ਇਹ ਸੋਚ ਕੇ ਪੜ੍ਹਦੇ ਹਨ ਕੀ ਇਹ ਕੰਮ ਕੱਲ੍ਹ ਕਰ ਲਵਾਂਗੇ।ਕੰਮ ਨੂੰ ਟਾਲਣ ਦੀ ਇਸ ਪ੍ਰਵਿਰਤੀ ਇਸ ਤੋਂ ਬਚਣ ਲਈ ਇਹ ਗੱਲ ਯਾਦ ਰੱਖੋ ਕੱਲ ਜ਼ਰੂਰ ਆਏਗਾ। ਆਪਣੇ ਸਮੇਂ ਦੀ ਬਿਹਤਰ ਵਰਤੋਂ ਕਰੋ।ਜੋ ਸਮੇਂ ਨੂੰ ਅਜਾਈਂ ਗੁਆਉਂਦੇ ਹਨ ਸਮਾਂ ਵੀ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦਿੰਦਾ।ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਦਾ।ਹੁਣ ਵੀ ਸੰਭਲ ਜਾਓ।ਅਜੇ ਵੀ ਮੌਕਾ ਹੈ ਕਿ ਸਮੇਂ ਦਾ ਸਹੀ ਉਪਯੋਗ ਕਰਕੇ ਸਫਲਤਾ ਦੀ ਪੌੜੀ ਚੜ੍ਹੀਏ।
ਹਰਪ੍ਰੀਤ ਕੌਰ ਸੰਧੂ