Monday 25 April 2022

ਆਪਣੇ ਪੇਸ਼ੇ ਅੰਦਰ ਹਰ ਆਦਮੀ ਹੀ ਰਾਜਾ ਹੁੰਦਾ ਹੈ-ਹਰਪ੍ਰੀਤ ਕੌਰ ਸੰਧੂ

0 comments

 ਆਪਣੇ ਪੇਸ਼ੇ ਅੰਦਰ ਹਰ ਆਦਮੀ ਹੀ ਰਾਜਾ ਹੁੰਦਾ ਹੈ।


ਯਾਦ ਰੱਖਣ ਯੋਗ ਹੈ ਕਿ ਹਰ ਆਦਮੀ  ਜਿਸ ਪੇਸ਼ੇ ਵਿੱਚ ਮੁਹਾਰਤ ਰੱਖਦਾ ਹੈ  ਉਸ ਵਿੱਚ ਰਾਜਾ ਹੁੰਦਾ ਹੈ।ਹਰ ਪੇਸ਼ੇ ਦਾ ਆਪਣਾ ਮਹੱਤਵ ਹੈ।ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ।ਹਰ ਕੰਮ ਜ਼ਰੂਰੀ ਵੀ ਹੈ ਤੇ ਮਹੱਤਵਪੂਰਨ ਵੀ।ਦੁਨੀਆਂ ਨੂੰ ਹਰ ਕਿਸਮ ਦਾ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ।ਜੇਕਰ ਅਸੀਂ ਸੋਚੀਏ ਕਿ ਕੁਝ ਕੰਮ ਛੋਟੇ ਹਨ ਤੇ ਉਹ ਨਹੀਂ ਕਰਨੇ ਚਾਹੀਦੇ ਹਨ ਤਾਂ ਉਹਨਾਂ ਕੰਮਾਂ ਨੂੰ  ਕਰੇਗਾ ਕੌਣ? ਘਰ ਵਿੱਚ ਬਿਜਲੀ ਖ਼ਰਾਬ ਹੋ ਜਾਵੇ ਤਾਂ ਸਾਨੂੰ  ਇਲੈਕਟ੍ਰੀਸ਼ਨ ਦੇ ਮਹੱਤਵ ਦੀ ਸਮਝ ਆਉਂਦੀ ਹੈ।ਅਸੀਂ ਤੁਰੰਤ ਇਕ ਇਲੈਕਟ੍ਰੀਸ਼ਨ ਚਾਹੁੰਦੇ ਹਾਂ ਜੋ ਸਾਡੀ ਬਿਜਲੀ ਨੂੰ ਠੀਕ ਕਰ ਸਕੇ।ਠੀਕ ਇਸੇ ਤਰ੍ਹਾਂ ਪਲੰਬਿੰਗ ਦੇ ਕੰਮ ਦੀ ਆਪਣੀ ਮਹੱਤਤਾ ਹੈ।ਜ਼ਖ਼ਮ ਪਲੰਬਰ ਕਰ ਸਕਦਾ ਹੈ ਉਹ ਇਲੈਕਟ੍ਰੀਸ਼ਨ ਨਹੀਂ ਕਰ ਸਕਦਾ।ਇਸ ਤਰ੍ਹਾਂ ਹਰ ਪੇਸ਼ੇ ਦਾ ਆਪਣਾ ਮਹੱਤਵ ਹੈ।ਜ਼ਰੂਰੀ ਇਹ ਹੈ ਕਿ ਆਦਮੀ ਆਪਣੇ ਕੰਮ ਵਿੱਚ ਨਿਪੁੰਨ ਹੋਵੇ ।ਜਦੋਂ ਕਿਸੇ ਵੀ ਕੰਮ ਲਈ ਸਾਨੂੰ ਕਾਰੀਗਰ ਦੀ ਲੋੜ ਪੈਂਦੀ ਹੈ  ਤਾਂ ਹੀ ਸਾਨੂੰ ਉਸ ਦਾ ਮਹੱਤਵ ਸਮਝ ਆਉਂਦਾ ਹੈ।ਸਾਡੇ ਦੇਸ਼ ਵਿੱਚ ਸਮਾਜਿਕ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ।ਸਾਡੀ ਸੋਚ ਵਿੱਚ ਅਫ਼ਸਰ ਹੀ ਵੱਡੇ ਹੁੰਦੇ ਹਨ।ਪਰ ਇਹ ਸੱਚ ਨਹੀਂ।ਇਕ ਅਫਸਰ ਦੇ ਘਰ ਜਦੋਂ ਪਾਣੀ ਦੀ ਟੂਟੀ ਖਰਾਬ ਹੋ ਜਾਂਦੀ ਹੈ  ਉਸ ਨੂੰ ਇਕ ਪਲੰਬਰ ਦੀ ਜ਼ਰੂਰਤ ਪੈਂਦੀ ਹੈ।ਹਰ ਵਿਅਕਤੀ ਆਪਣੇ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹੈ।ਦੁਨੀਆ ਵਿਚ ਹਰੇਕ ਕੰਮ ਦਾ ਮਹੱਤਵ ਹੈ।ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਕੰਮ ਦੇ ਮਹੱਤਵ ਨੂੰ ਸਮਝ ਲਈਏ।ਜਦ ਤਕ ਅਸੀਂ ਆਪਣਾ ਨਜ਼ਰੀਆ ਨਹੀਂ ਬਦਲਾਂਗੇ ਸਾਨੂੰ ਸਮਝ ਹੀ ਨਹੀਂ ਆਏਗੀ  ਕੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ।ਲੱਕੜੀ ਦੇ ਕੰਮ ਕਰਨ ਵਾਲੇ ਦੀ  ਹਰ ਘਰ ਵਿੱਚ ਕਦੇ ਨਾ ਕਦੇ ਜ਼ਰੂਰਤ ਪੈਂਦੀ ਹੈ।ਕੱਪੜੇ ਸਿਊਣ ਦਾ ਕੰਮ  ਹਮੇਸ਼ਾ ਹੀ ਚੱਲਦਾ ਰਹੇਗਾ।ਇੱਕ ਚੰਗਾ ਦਰਜ਼ੀ ਤੇ ਨਾਈ ਹਰ ਆਦਮੀ ਦੀ ਜ਼ਰੂਰਤ ਹੈ।ਅੱਜ ਦੇ ਯੁੱਗ ਵਿੱਚ ਬਿਊਟੀ ਪਾਰਲਰ ਦੇ ਕੰਮ ਦਾ ਬਹੁਤ ਮਹੱਤਵ ਹੈ।ਇਸ ਕੰਮ ਨੂੰ ਸਿੱਖ ਕੇ ਕੋਈ ਵੀ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਹੈ।ਆਪਣੀ ਜ਼ਿੰਦਗੀ ਦੇ ਇਕ ਦਿਨ ਤੇ ਨਜ਼ਰ ਮਾਰੋ।ਕਿੰਨੇ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦੀ ਤੁਹਾਨੂੰ ਜ਼ਰੂਰਤ ਪੈਂਦੀ ਹੈ।ਤੁਸੀਂ ਵਾਰ ਵਾਰ ਫੋਨ ਕਰ ਕੇ ਤਰਲੇ ਕਰਦੇ ਹੋ ਕਿ ਪਹਿਲਾਂ ਮੇਰਾ ਕੰਮ ਕਰਕੇ ਜਾ।ਬਸ ਇੱਥੋਂ ਹੀ ਸਮਝ ਲਓ ਕਿ ਹਰ ਆਦਮੀ ਆਪਣੇ ਕੰਮ ਵਿੱਚ ਰਾਜਾ ਹੁੰਦਾ ਹੈ।


ਹਰਪ੍ਰੀਤ ਕੌਰ ਸੰਧੂ

No comments:

Post a Comment

Note: only a member of this blog may post a comment.