ਵਿਸਾਖੀ ਸਾਡਾ ਇਕ ਪਵਿੱਤਰ ਤਿਉਹਾਰ ਹੈ।ਇਹ ਧਾਰਮਿਕ ਤੇ ਸਮਾਜਿਕ ਤਿਉਹਾਰ ਹੈ।ਵਿਸਾਖੀ ਵਿਚ ਪੰਜਾਬ ਦਾ ਦਿਲ ਹੈ।ਦਸਮ ਪਿਤਾ ਨੇ ਇਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਖ਼ਾਲਸਾ ਪੰਥ ਜੋ ਆਪਣੇ ਆਪ ਲਈ ਨਹੀਂ ਦੂਸਰਿਆਂ ਲਈ ਜਿਉਂਦਾ ਹੈ।ਜਿਸ ਦਾ ਉਦੇਸ਼ ਮਾਨਵਤਾ ਦੀ ਰੱਖਿਆ ਕਰਨਾ ਹੈ।ਆਪਣੇ ਆਪ ਵਿੱਚ ਨਿਵੇਕਲਾ ਧਰਮ ਸਿੱਖ ਧਰਮ ਵਿਸਾਖੀ ਦੇ ਦਿਨ ਸਥਾਪਤ ਹੋਇਆ।ਦਸਮ ਪਿਤਾ ਨੇ ਨਾ ਕੇਵਲ ਸਿੱਖੀ ਸਰੂਪ ਬਾਰੇ ਦੱਸਿਆ ਬਲਕਿ ਸਿੱਖੀ ਸਿਧਾਂਤਾਂ ਬਾਰੇ ਵੀ ਦੱਸਿਆ।ਮਨੁੱਖਤਾ ਦੀ ਉਸ ਸਮੇਂ ਦੀ ਸਭ ਤੋਂ ਵੱਡੀ ਲੋੜ ਸਿੱਖੀ ਸਿਧਾਂਤ ਹੀ ਸਨ।ਗੁਰੂ ਸਾਹਿਬ ਨੇ ਮਰਜੀਵੜਿਆਂ ਦੀ ਇੱਕ ਅਜਿਹੀ ਫ਼ੌਜ ਤਿਆਰ ਕੀਤੀ ਜੋ ਖ਼ੁਦ ਤੋਂ ਪਹਿਲਾਂ ਦੂਜਿਆਂ ਦੇ ਭਲੇ ਨੂੰ ਰੱਖਦੀ ਸੀ ।ਦੂਜਿਆਂ ਦੇ ਹਿੱਤ ਪਿੱਛੇ ਜਾਨਾਂ ਵਾਰ ਦੇਣ ਵਾਲੇ ਗੁਰੂ ਦੇ ਸਿੱਖ ਮਨੁੱਖਤਾ ਨੂੰ ਬਚਾਉਣ ਵਾਲੇ ਹਨ।ਗੁਰੂ ਸਾਹਿਬ ਨੇ ਸਮਾਜ ਵਿੱਚ ਫੈਲੀ ਜਾਤ ਪਾਤ ਨੂੰ ਖ਼ਤਮ ਕਰਨ ਲਈ ਵੱਖ ਵੱਖ ਜਾਤਾਂ ਵਿੱਚੋਂ ਪੰਜ ਸ਼ਖ਼ਸੀਅਤਾਂ ਨੂੰ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ,ਸਿੰਘ ਸਜਾਇਆ ਅਤੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ।ਇਸ ਤਰ੍ਹਾਂ ਉਨ੍ਹਾਂ ਨੇ ਇਕ ਨਿਵੇਕਲੀ ਉਦਾਹਰਣ ਦੁਨੀਆਂ ਦੇ ਸਾਹਮਣੇ ਰੱਖੀ।ਜਾਤ ਪਾਤ ਧਰਮ ਨੂੰ ਅੱਖੋਂ ਪਰੋਖੇ ਕਰਦਿਆਂ ਉਨ੍ਹਾਂ ਨੇ ਪੰਜ ਸੂਰਬੀਰਾਂ ਦੀ ਚੋਣ ਕੀਤੀ ਮੈਨੂੰ ਆਪਣੀ ਮਰਜ਼ੀ ਨਾਲ ਅੱਗੇ ਆਏ ਅਤੇ ਮਰਜੀਵੜੇ ਬਣਨ ਲਈ ਤਿਆਰ ਹੋਏ।ਪੰਜਾਬ ਤੇ ਪੰਜਾਬੀਅਤ ਲਈ ਇਹ ਦਿਨ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ।ਪੰਜਾਬੀਅਤ ਦੀ ਤਾਸੀਰ ਵਿਚ ਹੀ ਦੂਜਿਆਂ ਲਈ ਜਿਊਣਾ ਲਿਖਿਆ ਹੈ।ਪੰਜਾਬ ਨੇ ਹਮੇਸ਼ਾਂ ਹੀ ਹਿੱਕ ਡਾਹ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ।ਇਸ ਦਿਨ ਦਾ ਇੱਕ ਵਿਸ਼ੇਸ਼ ਸਮਾਜਿਕ ਮਹੱਤਵ ਵੀ ਹੈ।ਫਸਲਾਂ ਪੱਕ ਜਾਂਦੀਆਂ ਹਨ। ਕਿਸਾਨ ਸੋਨੇ ਰੰਗੀ ਫਸਲ ਲੈਕੇ ਘਰਾਂ ਵਿੱਚ ਆਉਂਦੇ ਹਨ।ਅੰਨ ਹੀ ਹੈ ਜੋ ਜੀਵਨ ਦਾਨ ਦਿੰਦਾ ਹੈ।ਵਿਸਾਖੀ ਵਾਲੇ ਦਿਨ ਥਾਂ ਥਾਂ ਮੇਲੇ ਲੱਗਦੇ ਹਨ।ਲੋਕ ਪਵਿੱਤਰ ਥਾਵਾਂ ਤੇ ਮੱਥਾ ਟੇਕਦੇ ਹਨ।ਪੰਜਾਬ ਦੀ ਬਹੁਤਾਤ ਜਨਸੰਖਿਆ ਜ਼ਿਮੀਂਦਾਰ ਤਬਕਾ ਆਪਣੀ ਫ਼ਸਲ ਨੂੰ ਸਾਂਭ ਕੇ ਖੁਸ਼ੀ ਵਿੱਚ ਖੀਵਾ ਹੋਇਆ ਮੇਲਿਆਂ ਨੂੰ ਜਾਂਦਾ ਹੈ ।ਇਹ ਸਿਰਫ਼ ਖੇਤ ਮਾਲਕਾਂ ਲਈ ਨਹੀਂ ਸੀਰੀਆਂ ਸਾਂਝੀਆਂ ਲਈ ਵੀ ਖ਼ੁਸ਼ੀ ਦਾ ਮੌਕਾ ਹੁੰਦਾ ਹੈ।ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਖੇਤੀ ਨਾਲ ਜੁੜੀ ਹੋਈ ਹਰ ਵਿਅਕਤੀ ਲਈ ਇਹ ਦਿਨ ਖੁਸ਼ੀਆਂ ਭਰਿਆ ਹੁੰਦਾ ਹੈ।
ਵਿਸਾਖੀ ਬਾਰੇ ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ ਨੇ ਲਿਖਿਆ ਹੈ
ਵਿਸਾਖੀ ਤੇਰੀ ਬੁੱਕਲ ਦੇ ਵਿੱਚ,
ਛੁਪੀਆਂ ਹੋਈਆਂ ਕੀ ਗੱਲਾਂ ਨੀ।
ਕਿਤੇ ਗੱਭਰੂ ਭੰਗੜੇ ਪਾਉਂਦੇ ਨੇ,
ਕਿਤੇ ਕੁਰਬਾਨੀ ਦੀਆਂ ਛੱਲਾਂ ਨੀ।
ਧਾਰਮਿਕ ਅਤੇ ਸਮਾਜਿਕ ਖੇਤਰ ਨਾਲ ਜੁੜਿਆ ਇਹ ਤਿਓਹਾਰ ਸਭ ਲਈ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ।ਸਾਰੇ ਹਿੰਦੁਸਤਾਨ ਵਿੱਚ ਵੱਖ ਵੱਖ ਰੂਪਾਂ ਵਿਚ ਇਹ ਦਿਨ ਮਨਾਇਆ ਜਾਂਦਾ ਹੈ।ਇਸ ਦੇ ਨਾਮ ਹਰ ਥਾਂ ਤੇ ਵੱਖਰੇ ਹਨ ਪਰ ਮਕਸਦ ਇੱਕ ਹੀ ਹੈ।ਵਿਸਾਖੀ ਜਿੱਥੇ ਸਾਨੂੰ ਪੇਟ ਭਰਨ ਲਈ ਅਨਾਜ ਦਿੰਦੀ ਹੈ ਉੱਥੇ ਹੀ ਇੱਕ ਦੂਜੇ ਲਈ ਲੜ ਮਰਨ ਤਕ ਜਾਣ ਦੀ ਧਾਰਮਿਕ ਸਿੱਖਿਆ ਵੀ ਦਿੰਦੀ ਹੈ।ਕੁੱਲ ਮਿਲਾ ਕੇ ਵਿਸਾਖੀ ਮਨੁੱਖਤਾ ਦਾ ਤਿਉਹਾਰ ਹੈ ।ਆਪ ਸਭ ਨੂੰ ਇਹ ਤਿਉਹਾਰ ਮੁਬਾਰਕ ਹੋਵੇ।
ਹਰਪ੍ਰੀਤ ਕੌਰ ਸੰਧੂ