ਪਿਆਰ - ਇੱਕ ਆਤਮਿਕ ਅਹਿਸਾਸ
ਪਿਆਰ ਇੱਕ ਅਹਿਸਾਸ ਹੈ ਜੋ ਸਾਨੂੰ ਦੂਜੇ ਨਾਲ ਜੋੜਦਾ ਹੈ।ਸਾਡੀ ਸਮੱਸਿਆ ਇਹ ਹੈ ਕਿ ਅਸੀਂ ਪਿਆਰ ਨੂੰ ਫ਼ਿਲਮਾਂ ਦੇ ਦੁਆਰਾ ਸਮਝਿਆ ਹੈ।ਸਾਡੀ ਨਵੀਂ ਪੀੜ੍ਹੀ ਨੂੰ ਅਸੀਂ ਕਦੀ ਵੀ ਪਿਆਰ ਬਾਰੇ ਨਹੀਂ ਸਮਝਾਇਆ।ਮਾਤਾ ਪਿਤਾ ਨਾਲ ਪਿਆਰ ਭੈਣ ਭਰਾਵਾਂ ਨਾਲ ਪਿਆਰ, ਸਮਾਜਿਕ ਰਿਸ਼ਤਿਆਂ ਵਿੱਚ ਪਿਆਰ ਬਾਰੇ ਅਸੀਂ ਗੱਲ ਕਰਦੇ ਹਾਂ ਪਰ ਇੱਕ ਹਮ ਉਮਰ ਨਾਲ ਪਿਆਰ ਇਸ ਬਾਰੇ ਗੱਲ ਕੋਈ ਨਹੀਂ ਕਰਦਾ।ਸਾਡੀ ਨਵੀਂ ਪੀੜ੍ਹੀ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਪਿਆਰ ਬਾਰੇ ਸਾਰਾ ਗਿਆਨ ਫ਼ਿਲਮਾਂ ਤੋਂ ਮਿਲਦਾ ਹੈ ਜਾਂ ਆਲੇ ਦੁਆਲੇ ਤੋਂ।ਫਿਲਮਾਂ ਪਿਆਰ ਦਾ ਸਿਰਫ਼ ਇੱਕ ਹੀ ਪੱਖ ਸਾਹਮਣੇ ਰੱਖਦੀਆਂ ਹਨ।ਬੱਚਿਆਂ ਦੇ ਦੋਸਤ ਉਨ੍ਹਾਂ ਹੀ ਪਿਆਰ ਬਾਰੇ ਜਾਣਦੇ ਹਨ ਜਿਨ੍ਹਾਂ ਉਹ ਖ਼ੁਦ ਜਾਣਦਾ ਹੈ।ਅੱਜ ਜਾਣਕਾਰੀ ਦਾ ਯੁੱਗ ਹੈ।ਗੂਗਲ ਬਾਬਾ ਹੀ ਜਾਣਕਾਰੀ ਦਾ ਪਿਤਾਮਾ ਹੈ।ਉੱਥੇ ਪਿਆਰ ਦੇ ਨਾਮ ਤੇ ਜੋ ਦਿਖਾਇਆ ਜਾਂਦਾ ਹੈ ਉਹ ਨਿਰੀ ਹਵਸ ਹੈ।ਸਾਡੇ ਕਿਸ਼ੋਰ ਅਵਸਥਾ ਦੇ ਬੱਚੇ ਬੱਚੀਆਂ ਇਹ ਸਮਝ ਹੀ ਨਹੀਂ ਪਾਉਂਦੇ ਕਿ ਪਿਆਰ ਹਵਸ ਨਹੀਂ ਹੈ।ਮਾਤਾ ਪਿਤਾ ਤੇ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਇਸ ਬਾਰੇ ਸਮਝਾਉਣ।ਪਿਆਰ ਇੱਕ ਭਾਵਨਾ ਹੈ ਜਿਸ ਨੂੰ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਅੱਜ ਬੱਚਿਆਂ ਨੂੰ ਜੇਕਰ ਹੀਰ ਰਾਂਝਾ, ਸੱਸੀ ਪੁੰਨੂੰ ਅਤੇ ਸੋਹਣੀ ਮਹੀਂਵਾਲ ਬਾਰੇ ਵੀ ਪੜ੍ਹਾਇਆ ਜਾਂਦਾ ਹੈ ਤਾਂ ਉਸ ਗੱਲ ਨੂੰ ਆਤਮਿਕ ਪਿਆਰ ਤੇ ਲਿਆ ਕੇ ਨਹੀਂ ਨਿਬੇੜਿਆ ਜਾਂਦਾ।ਅਧਿਆਪਕ ਸਮਝਦਾ ਹੈ ਕਿ ਮਾਪਿਆਂ ਦਾ ਫ਼ਰਜ਼ ਹੈ ਤੇ ਮਾਪੇ ਇਸ ਗੱਲ ਤੋਂ ਪਰ੍ਹਾਂ ਹੋ ਜਾਂਦੇ ਹਨ ਇਹ ਸੋਚ ਕੇ ਕਿ ਇਸ ਤਰ੍ਹਾਂ ਦੀ ਗੱਲ ਬੱਚੇ ਨਾਲ ਕਿਵੇਂ ਕਰਨ।ਬੱਚਾ ਜੋ ਜਾਣਕਾਰੀ ਆਪਣੇ ਸਾਥੀਆਂ ਤੋਂ ਪ੍ਰਾਪਤ ਕਰਦਾ ਹੈ ਉਹ ਅੱਧ ਪੱਕੀ ਹੀ ਹੁੰਦੀ ਹੈ।ਇਹ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਦੱਸੀਏ ਪਿਆਰ ਵਿੱਚ ਇੱਕ ਦੂਜੇ ਦੀ ਇੱਜ਼ਤ ਕੀਤੀ ਜਾਂਦੀ ਹੈ ਤੇ ਹਵਸ ਵਿੱਚ ਇੱਕ ਦੂਜੇ ਦਾ ਫ਼ਾਇਦਾ ਉਠਾਇਆ ਜਾਂਦਾ ਹੈ।ਸਕੂਲੀ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਸੜਕਾਂ ਦੇ ਕਿਨਾਰੇ ਜੋ ਮੁੰਡੇ ਖੜ੍ਹੇ ਹੁੰਦੇ ਹਨ ਉਹ ਪਿਆਰ ਨਹੀਂ ਕਰਦੇ।ਉਕਤ ਹਵਸ ਪੂਰੀ ਕਰਨ ਲਈ ਭਟਕ ਰਹੇ ਹਨ।ਬੱਚਿਆਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਵੱਡੀ ਉਮਰ ਦੇ ਪੁਰਸ਼ ਉਨ੍ਹਾਂ ਨੂੰ ਕੁਝ ਅਜਿਹਾ ਕਰਨ ਲਈ ਉਕਸਾਉਂਦੇ ਹਨ ਜੋ ਆਮ ਨਹੀਂ ਹੁੰਦਾ ਉੱਥੇ ਹਵਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਹੈ।ਚੰਗੀ ਤੇ ਮਾੜੀ ਛੋਹ ਬਾਰੇ ਬੱਚਿਆਂ ਨੂੰ ਦੱਸਦੇ ਹੋਏ ਇਹ ਚੰਗੀ ਤਰ੍ਹਾਂ ਸਮਝਾਇਆ ਜਾ ਸਕਦਾ ਹੈ ਕਿ ਅਜਿਹਾ ਕਰਨ ਵਾਲਾ ਧਨ ਪ੍ਰਾਪਤ ਕਰਨਾ ਚਾਹੁੰਦਾ ਹੈ ਤੁਹਾਨੂੰ ਪਿਆਰ ਨਹੀਂ ਕਰਦਾ।ਪਿਆਰ ਅਤੇ ਸਰੀਰਕ ਸਬੰਧਾਂ ਨੂੰ ਅਸੀਂ ਇੱਕ ਅਜਿਹਾ ਵਿਸ਼ਾ ਬਣਾ ਲਿਆ ਹੈ ਜਿਸ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ।ਸਾਡਾ ਇਸ ਜ਼ਿੰਮੇਵਾਰੀ ਤੋਂ ਪਰੇ ਹਟਣਾ ਬੱਚੇ ਨੂੰ ਕਿਸੇ ਖਾਈ ਵੱਲ ਧਕੇਲ ਰਿਹਾ ਹੈ ਅਜਿਹੀ ਖਾਈ ਜਿਸ ਵਿਚ ਡਿਗ ਕੇ ਬੱਚਾ ਆਪਣੀ ਜ਼ਿੰਦਗੀ ਗੁਆ ਬੈਠਦਾ ਹੈ।ਬੱਚੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੋ ਮਨੁੱਖਤਾ ਦੀ ਇੱਜ਼ਤ ਨਹੀਂ ਕਰਦਾ ਉਨ੍ਹਾਂ ਨੂੰ ਪਿਆਰ ਨਹੀਂ ਕਰ ਸਕਦਾ।ਇਹ ਜ਼ਰੂਰੀ ਨਹੀਂ ਕਿ ਪਿਆਰ ਦੇ ਨਾਂ ਤੇ ਸਿਰਫ਼ ਬੱਚੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਵਰਤਾਰਾ ਮੁੰਡਿਆਂ ਨਾਲ ਵੀ ਵਾਪਰ ਰਿਹਾ ਹੈ।ਅੱਜ ਦੇ ਮੁੰਡੇ ਸੰਵੇਦਨਸ਼ੀਲ ਹਨ। ਅਕਸਰ ਦੇਖਣ ਵਿੱਚ ਆਇਆ ਹੈ ਕਿ ਕੁੜੀਆਂ ਉਨ੍ਹਾਂ ਦਾ ਗਲਤ ਇਸਤੇਮਾਲ ਕਰਦੀਆਂ ਹਨ।ਕੋਈ ਵੀ ਚੜ੍ਹਦੀ ਉਮਰ ਦਾ ਬੱਚਾ ਜਦੋਂ ਪਿਆਰ ਦੇ ਨਾਂ ਤੇ ਹਵਸ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸਾਰੀ ਜ਼ਿੰਦਗੀ ਲਈ ਜੋ ਜ਼ਖ਼ਮ ਉਸਦੇ ਦਿਲ ਵਿਚ ਬਣ ਜਾਂਦਾ ਹੈ ਉਹ ਕਦੇ ਨਹੀਂ ਭਰਦਾ।ਸਾਡੇ ਬੱਚੇ ਬੱਚੀਆਂ ਫ਼ਿਲਮਾਂ ਤੋਂ ਇਹ ਗੱਲ ਸਿੱਖ ਲੈਂਦੇ ਹਨ ਕਿ ਪਿਆਰ ਇੱਕ ਵਾਰ ਹੁੰਦਾ ਹੈ ਜੇ ਤੁਹਾਡੇ ਪਿਆਰੇ ਨੇ ਤੁਹਾਨੂੰ ਛੱਡ ਦਿੱਤਾ ਤਾਂ ਸਮਝ ਲੋ ਦੁਨੀਆਂ ਹੀ ਸਮਾਪਤ ਹੋ ਗਈ।ਕਈ ਬੱਚੇ ਅਜਿਹੇ ਵਿੱਚ ਖ਼ੁਦਕੁਸ਼ੀ ਵੀ ਕਰ ਜਾਂਦੇ ਹਨ।ਬੱਚਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਇਸ ਉਮਰ ਵਿੱਚ ਇੱਕ ਦੂਜੇ ਪ੍ਰਤੀ ਆਕਰਸ਼ਣ ਕੁਦਰਤੀ ਹੈ।ਇਸ ਵਿੱਚ ਕੁਝ ਵੀ ਮਾੜਾ ਨਹੀਂ ਹੈ।ਜ਼ਰੂਰਤ ਹੈ ਬੱਚੇ ਬੱਚੀਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਦੀ ਜਾਣਕਾਰੀ ਦੇਣ ਦੀ।ਪਿਆਰ ਅਤੇ ਸੰਬੰਧਾਂ ਬਾਰੇ ਜਾਣਕਾਰੀ ਦੇ ਕੇ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚਾ ਸਕਦੇ ਹਾਂ।ਅੱਜ ਨੌਜਵਾਨ ਮੁੰਡੇ ਕੁੜੀਆਂ ਸਰੀਰਕ ਸਬੰਧਾਂ ਤੋਂ ਉਪਜੀਆਂ ਬਿਮਾਰੀਆਂ ਦਾ ਸ਼ਿਕਾਰ ਹਨ।ਇਨ੍ਹਾਂ ਬੀਮਾਰੀਆਂ ਬਾਰੇ ਉਹ ਡਰਦੇ ਗੱਲ ਵੀ ਨਹੀਂ ਕਰਦੇ।ਕਈ ਵਾਰ ਅਣਜਾਣੇ ਵਿੱਚ ਹੋਈ ਗ਼ਲਤੀ ਨਾਲ ਬੱਚੀਆਂ ਗਰਭ ਧਾਰਨ ਕਰ ਲੈਂਦੀਆਂ ਹਨ।ਇਸ ਤੋਂ ਨਿਜਾਤ ਪਾਉਣ ਲਈ ਉਹ ਕੁਝ ਦਵਾਈਆਂ ਬਿਨਾਂ ਡਾਕਟਰ ਦੀ ਸਲਾਹ ਤੋਂ ਹੀ ਲੈਂਦੀਆਂ ਹਨ ਜੋ ਘਾਤਕ ਸਾਬਤ ਹੁੰਦੀਆਂ ਹਨ।ਡਾਕਟਰਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਅਬੋਰਸ਼ਨ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਹੋ ਰਹੇ ਹਨ।ਇਸ ਦੇ ਨਤੀਜੇ ਮਾਰੂ ਹੁੰਦੇ ਹਨ।ਬੱਚਿਆਂ ਨੂੰ ਸਾਰੀ ਉਮਰ ਦੁੱਖ ਸਹਿਣਾ ਪੈਂਦਾ ਹੈ।ਮੇਰੀ ਜਾਚੇ ਇਸ ਵਿੱਚ ਕਸੂਰਵਾਰ ਬੱਚੇ ਨਹੀਂ ਮਾਂ ਬਾਪ ਅਤੇ ਅਧਿਆਪਕ ਹਨ।ਬੱਚਿਆਂ ਦਾ ਇੱਕ ਦੂਜੇ ਪ੍ਰਤੀ ਆਕਰਸ਼ਣ ਕੁਦਰਤੀ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਗਲਤੀਆਂ ਕਰ ਬੈਠਦੇ ਹਨ।ਅੱਜ ਲੋੜ ਹੈ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ।ਇਕ ਗੱਲ ਜ਼ਰੂਰ ਯਾਦ ਰੱਖੋ ਬੱਚੇ ਨੇ ਹਰ ਹਾਲਤ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਹੈ।ਜੇ ਤ ਅਸੀਂ ਉਹ ਜਾਣਕਾਰੀ ਨਹੀਂ ਦੇਵਾਂਗੀ ਤਾਂ ਬੱਚਾ ਇੰਟਰਨੈੱਟ ਤੋਂ ਜਾਣਕਾਰੀ ਪ੍ਰਾਪਤ ਕਰੇਗਾ।ਉਹ ਜਾਣਕਾਰੀ ਸਹੀ ਨਹੀਂ ਹੁੰਦੀ।ਇੱਥੇ ਮੇਰਾ ਮਤਲਬ ਜਾਣਕਾਰੀ ਦੇ ਗਲਤ ਹੋਣ ਤੋਂ ਨਹੀਂ ਹੈ ਪਰ ਗਲਤ ਤਰੀਕੇ ਨਾਲ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਹੈ।ਜਦੋਂ ਅਧਿਆਪਕ ਜਾਂ ਮਾਂ ਬਾਪ ਬੱਚੇ ਨਾਲ ਗੱਲ ਕਰਦੇ ਹਨ ਤਾਂ ਉਸ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਦੇ ਚੰਗੇ ਬੁਰੇ ਪੱਖ ਵੀ ਸਮਝਾਉਂਦੇ ਹਨ।ਉਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਦੇ ਹਨ।ਅੱਜ ਜ਼ਰੂਰਤ ਹੈ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ।ਸਿਰਫ਼ ਜਣਨ ਪ੍ਰਕਿਰਿਆ ਪੜਾਅ ਦੇ ਨਾਲ ਹੀ ਬੱਚੇ ਨੂੰ ਸਹੀ ਰਾਹ ਨਹੀਂ ਪਾਇਆ ਜਾ ਸਕਦਾ।ਬਦਲੇ ਹੋਏ ਸਮਾਜ ਵਿੱਚ ਸਾਨੂੰ ਆਪਣੇ ਮਾਪਦੰਡ ਬਦਲਣ ਦੀ ਲੋੜ ਹੈ।ਕੁੜੀਆਂ ਤੇ ਮੁੰਡਿਆਂ ਦੀਆਂ ਅਜਿਹੀਆਂ ਬਹੁਤ ਜ਼ਰੂਰਤਾਂ ਹਨ ਜਿਨ੍ਹਾਂ ਬਾਰੇ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ।ਕਿਸ਼ੋਰ ਉਮਰ ਦੇ ਇਕ ਲੜਕੇ ਦੀ ਜਦੋਂ ਰਾਤ ਨੂੰ ਕੱਪੜੇ ਗਿੱਲੇ ਹੋ ਜਾਂਦੇ ਹਨ ਤਾਂ ਉਹ ਸਮਝ ਹੀ ਨਹੀਂ ਪਾਉਂਦਾ ਕਿ ਅਜਿਹਾ ਕਿਉਂ ਹੁੰਦਾ ਹੈ।ਉਹ ਘਬਰਾ ਜਾਂਦਾ ਹੈ ਤੇ ਘਰਦਿਆਂ ਨਾਲ ਗੱਲ ਨਾ ਕਰਕੇ ਆਪਣੇ ਦੋਸਤਾਂ ਨਾਲ ਗੱਲ ਕਰਦਾ ਹੈ।ਦੋਸਤਾਂ ਕੋਲ ਜਾਣਕਾਰੀ ਕੱਚੀ ਹੈ।ਇਥੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨਾਲ ਖੁੱਲ੍ਹ ਕੇ ਗੱਲ ਕਰੋ।ਇਸ ਲਈ ਬਹੁਤ ਜ਼ਰੂਰੀ ਹੈ ਕਿ ਆਪਣੀ ਸੋਚ ਨੂੰ ਬਦਲੋ।ਸਰੀਰਕ ਸਬੰਧ ਸਾਡੇ ਕੁਦਰਤੀ ਵਰਤਾਰੇ ਦਾ ਇੱਕ ਹਿੱਸਾ ਹਨ।ਇਹ ਪਿਆਰ ਦਾ ਅਹਿਸਾਸ ਨਹੀਂ ਹੈ।ਅੱਜ ਅਨੇਕਾਂ ਬਿਮਾਰੀਆਂ ਹਨ ਜੋ ਅਸੁਰੱਖਿਅਤ ਸਰੀਰਕ ਸਬੰਧਾਂ ਨਾਲ ਹੀ ਫੈਲਦੀਆਂ ਹਨ।ਬੱਚੀਆਂ ਨੂੰ ਚੜ੍ਹਦੀ ਉਮਰੇ ਉਨ੍ਹਾਂ ਦੇ ਸਰੀਰ ਵਿੱਚ ਹੋ ਰਹੇ ਬਦਲਾਅ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ।ਮਾਹਾਵਾਰੀ ਬਾਰੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਹੋਣੀ ਚਾਹੀਦੀ ਹੈ।ਅਸੀਂ ਮਾਹਵਾਰੀ ਬਾਰੇ ਗੱਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਕੋਈ ਗੁਨਾਹ ਹੋਵੇ।ਯਾਦ ਰੱਖੋ ਇਸ ਸਮੱਸਿਆ ਨਹੀਂ ਹੈ ਇਹ ਚੜ੍ਹਦੀ ਉਮਰ ਦਾ ਇੱਕ ਹਿੱਸਾ ਹੈ।ਇਸ ਜਣਨ ਕਿਰਿਆ ਦਾ ਇੱਕ ਜ਼ਰੂਰੀ ਅੰਗ ਹੈ। ਜਦੋਂ ਬੱਚੇ ਨੂੰ ਪਿਆਰ ਬਾਰੇ ਸਰੀਰਕ ਸਬੰਧਾਂ ਬਾਰੇ ਤੇ ਹਵਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੂੰ ਤਾਂ ਯਕੀਨਨ ਉਹ ਸੁਚੇਤ ਹੋ ਜਾਏਗਾ।ਬੱਚਿਆਂ ਨੂੰ ਚੰਗੀ ਦੋਸਤੀ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ।ਦੋਸਤੀ ਵਿਚ ਲਿੰਗ ਨੂੰ ਬਾਧਾ ਨਾ ਬਣਨ ਦਿਓ।ਆਪਣੀ ਸੋਚ ਨੂੰ ਬਦਲੋ ਮਾਪੇ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ।ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਇਹ ਬਹੁਤ ਜ਼ਰੂਰੀ ਹੈ।
ਹਰਪ੍ਰੀਤ ਕੌਰ ਸੰਧੂ