Friday, 4 March 2022

ਕੋਰੋਨਾ ਮਹਾਂਮਾਰੀ ਅਤੇ ਆਨਲਾਈਨ ਪੜਾਈ - ਹਰਪ੍ਰੀਤ ਕੌਰ ਸੰਧੂ

0 comments

 ਕੋਰੋਨਾ ਮਹਾਂਮਾਰੀ ਨੇ ਸਾਡੀ ਜ਼ਿੰਦਗੀ ਦੇ ਹਰੇਕ ਪੱਖ ਨੂੰ ਬਦਲ ਕੇ ਰੱਖ ਦਿੱਤਾ ਹੈ।ਇਨ੍ਹਾਂ ਅਨੇਕ ਪੱਖਾਂ ਵਿੱਚੋਂ ਇਕ ਪੱਖ ਸਿੱਖਿਆ ਵੀ ਹੈ।ਇਸ ਨੇ ਸਾਡੀ ਰਸਮੀ ਸਿੱਖਿਆ ਨੂੰ ਸਿਰਫ਼ ਆਫ਼ਲਾਈਨ ਸਿੱਖਿਆ ਕਹਿ ਕੇ ਪਰਿਭਾਸ਼ਿਤ ਕੀਤਾ ਹੈ।ਰਸਮੀ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਨੂੰ ਸਿਰਫ਼ ਆਫ਼ਲਾਈਨ ਕਹਿ ਕੇ ਸਮਝਿਆ ਨਹੀਂ ਜਾ ਸਕਦਾ।


ਪੜਾਅਵਾਰ ਸਕੂਲੀ ਸਿੱਖਿਆ ਤੇ ਕਾਲਜ ਦੀ ਸਿੱਖਿਆ ਸਾਡੇ ਚੰਗੇ ਜੀਵਨ ਦੀ ਨੀਂਹ ਬਣਦੀ ਹੈ।ਸਕੂਲਾਂ ਕਾਲਜਾਂ ਵਿੱਚ ਸਿਰਫ਼ ਪੜ੍ਹਾਇਆ ਹੀ ਨਹੀਂ ਜਾਂਦਾ  ਜੀਵਨ ਜਾਚ ਵੀ ਦਿੱਤੀ ਜਾਂਦੀ ਹੈ।ਵਿਦਿਆਰਥੀ ਜਮਾਤ ਵਿਚ ਜਿੱਥੇ ਬੈਠ ਕੇ ਸਿੱਖਿਆ ਗ੍ਰਹਿਣ ਕਰਦੇ   ਹਨ ਉਸ ਦੇ ਨਾਲ ਹੀ ਨਾਲ ਇੱਕ ਦੂਜੇ ਪ੍ਰਤੀ ਵਿਹਾਰ ਕਰਨਾ,ਚੰਗੇ ਸੰਬੰਧ ਬਣਾਉਣਾ,ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨਾ,ਇੱਕ ਦੂਜੇ ਨੂੰ ਸਹਿਯੋਗ ਦੇਣਾ,ਇੱਕ ਦੂਜੇ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਦੀਆਂ ਵੱਖ ਵੱਖ ਗੱਲਾਂ ਨੂੰ ਗ੍ਰਹਿਣ ਕਰਨਾ ਆਦਿ ਸਿੱਖਦੇ ਹਨ।ਵਿਦਿਆਰਥੀ ਜੀਵਨ ਵਿੱਚ ਸਿੱਖੇ ਇਸ ਸਬਕ  ਇੱਕ ਮਜ਼ਬੂਤ ਜ਼ਿੰਦਗੀ ਦਾ ਨੀਂਹ ਪੱਥਰ ਸਾਬਤ ਹੁੰਦੇ ਹਨ।


ਸਕੂਲਾਂ ਵਿੱਚ ਵਿਦਿਆਰਥੀ ਦੋਸਤ ਬਣਦੇ ਹਨ।ਸਕੂਲੀ ਜੀਵਨ ਦੀਆਂ ਦੋਸਤੀਆਂ ਤਾਉਮਰ ਨਿਭਦੀਆਂ ਹਨ।ਬੱਚੇ ਆਪਣੇ ਹਮਉਮਰ ਬੱਚਿਆਂ ਵਿੱਚ ਰਹਿ ਕੇ ਬਹੁਤ ਕੁਝ ਹੋਰ ਵੀ ਸਿੱਖਦੇ ਹਨ।ਬੱਚਿਆਂ ਲਈ ਆਪਣੇ ਹਮਉਮਰ ਬੱਚਿਆਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ।ਖੇਡ ਭਾਵਨਾ ਦਾ ਵਿਕਾਸ ਵੀ ਇਸ ਸਮੇਂ ਵਿੱਚ ਹੁੰਦਾ ਹੈ।ਜੇਕਰ ਬੱਚਿਆਂ ਨੂੰ ਹਮਉਮਰ ਬੱਚਿਆਂ ਦਾ ਸਾਥ ਨਾ ਮਿਲੀ ਤਾਂ ਉਹ ਜ਼ਿੰਦਗੀ ਦੀਆਂ ਖ਼ੁਸ਼ੀਆਂ ਤੋਂ ਵਿਰਵੇ ਰਹਿੰਦੇ ਹਨ।


ਅਸੀਂ ਕੋਰੋਨਾ ਦੇ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਐਜੂਕੇਸ਼ਨ ਕੋਈ ਪ੍ਰੇਰਿਤ ਕੀਤਾ।ਇਸ ਦੇ ਕਾਫ਼ੀ ਮੱਦਦ ਵੀ ਕੀਤੀ।ਪਰ ਇਹ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੀ।ਇਸ ਸਮੇਂ ਦੀ ਲੋੜ ਤਾਂ ਹੋ ਸਕਦੀ ਹੈ ਪਰ ਸਕੂਲੀ ਤੇ ਰਸਮੀ ਸਿੱਖਿਆ ਦਾ ਬਦਲ ਨਹੀਂ।ਇਸ ਵਿੱਚ ਵਿਦਿਆਰਥੀ ਨੇ ਆਪਣੇ ਘਰ ਵਿੱਚ ਬੈਠ ਕੇ ਪੜ੍ਹਨਾ ਹੈ।ਕੋਈ ਕੰਪਿਊਟਰ ਮੋਬਾਈਲ ਉਸ ਦਾ ਅਧਿਆਪਕ ਨਾਲ ਰਾਬਤਾ ਬਣਾਉਣਾ ਹੈ।ਪਰ ਘਰ ਵਿੱਚ ਬੈਠੇ ਵਿਦਿਆਰਥੀ ਦਾ ਧਿਆਨ ਕਈ ਪਾਸੇ ਹੁੰਦਾ ਹੈ।ਅਧਿਆਪਕ ਚਾਹੁੰਦਾ ਹੋਇਆ ਵੀ ਹਰੇਕ  ਬੱਚੇ ਨਾਲ ਰਾਬਤਾ ਨਹੀਂ ਬਣਾ ਸਕਦਾ।ਉਹ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਿਚ ਅਸਮਰੱਥ ਹੁੰਦਾ ਹੈ।ਵਿਦਿਆਰਥੀ ਵੀ ਅਧਿਆਪਕ ਨੂੰ ਆਪਣੀਆਂ ਸਮੱਸਿਆਵਾਂ ਨਹੀਂ ਦੱਸ ਪਾਉਂਦੇ।ਮਜਬੂਰੀ ਵਿੱਚ ਪੜ੍ਹਾਈ ਕਰਨ ਦਾ ਇਹ ਢੰਗ ਹੋ ਸਕਦਾ ਹੈ ਪਰ ਰਸਮੀ ਸਿੱਖਿਆ ਦਾ ਬਦਲ ਕਦੇ ਵੀ ਨਹੀਂ।


ਸਕੂਲ ਵਿੱਚ ਬੱਚੇ ਅਨੁਸ਼ਾਸਨ ਸਿੱਖਦੇ ਹਨ।ਅਨੁਸ਼ਾਸਨ ਜੋ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ।ਜਮਾਤ ਵਿੱਚ ਦਿੱਤੀ ਗਈ ਸਿੱਖਿਆ ਅਧਿਆਪਕ ਤੇ ਵਿਦਿਆਰਥੀ ਦਾ ਆਪਸੀ ਤਾਲਮੇਲ ਬਣਾਉਂਦੀ ਹੈ।ਅਧਿਆਪਕ ਵਿਦਿਆਰਥੀ ਨੂੰ ਪੜ੍ਹਾਉਣ ਦੇ ਨਾਲ ਨਾਲ ਉਸ ਦੇ ਚਿਹਰੇ ਨੂੰ ਵੀ ਪੜ੍ਹਦਾ ਹੈ।ਇਸ ਤਰ੍ਹਾਂ ਉਹ ਵਿਦਿਆਰਥੀ ਦੀ ਸਹਾਇਤਾ ਕਰਨ ਵਿਚ ਸਫ਼ਲ ਹੁੰਦਾ ਹੈ।ਇੱਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਵਿਅਕਤੀਗਤ ਤੌਰ ਤੇ ਉਨ੍ਹਾਂ ਦਾ ਹਮ ਉਮਰ ਬਣ ਕੇ ਵਿਚਰਦਾ ਹੈ  ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।ਇਹ ਅਧਿਆਪਕ ਵਿਦਿਆਰਥੀਆਂ ਦੇ ਬਹੁਤ ਕਰੀਬੀ ਹੋ ਜਾਂਦੇ ਹਨ  ਉਕਤ ਸਮੱਸਿਆਵਾਂ ਹੱਲ ਕਰਨ ਵਿੱਚ ਉਨ੍ਹਾਂ ਦੀ ਬਹੁਤ ਮਦਦ ਕਰਦੇ ਹਨ।ਸਕੂਲ ਵਿੱਚ ਰਸਮੀ ਤੇ ਗ਼ੈਰ ਰਸਮੀ ਦੋਵੇਂ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ।


ਜਮਾਤ ਵਿੱਚ ਵਿਦਿਆਰਥੀ ਇਕੱਠੇ ਇਕ ਦੂਜੇ ਤੋਂ ਬਹੁਤ ਕੁਝ ਸਿੱਖਦੇ ਹਨ ਤੇ ਸਿਖਾਉਂਦੇ ਹਨ।ਉਨ੍ਹਾਂ ਵਿੱਚ ਸਮਾਜਿਕ ਜੀਵਨ ਦੀ ਭਾਵਨਾ ਸੰਗਠਿਤ ਹੁੰਦੀ ਹੈ।ਵਿਦਿਆਰਥੀ ਇੱਕ ਦੂਜੇ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਉਨ੍ਹਾਂ ਅੰਦਰ ਮਿਲ ਜੁਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਇਹ ਇਕ ਚੰਗੇ ਸਮਾਜ ਦੀ ਨੀਂਹ ਰੱਖਣ ਵਾਲਾ ਕੰਮ ਹੈ।


ਦੋ ਸਾਲ ਤਕ ਵਿਦਿਆਰਥੀ ਰਸਮੀ ਵਿੱਦਿਆ ਤੋਂ ਵਿਹੂਣੇ ਰਹੇ।ਕੋਰੂਨਾ ਮਹਾਂਮਾਰੀ ਨੇ ਸਕੂਲ ਕਾਲਜ ਕਈ ਵਾਰ ਬੰਦ ਕਰਵਾਏ।ਸਿਹਤ ਦੀਆਂ ਜ਼ਰੂਰਤਾਂ ਪੱਖੋਂ ਇਹ ਜ਼ਰੂਰੀ ਵੀ ਸੀ।ਹੁਣ ਜਦੋਂ ਸਕੂਲ ਕਾਲਜ ਫਿਰ ਤੋਂ ਖੁੱਲ੍ਹ ਗਏ ਹਨ ਤਾਂ ਇਹ ਜ਼ਰੂਰੀ ਬਣਦਾ ਹੈ ਕਿ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਦੋ ਸਾਲ ਲਗਾਤਾਰ ਤਣਾਅ ਰਹਿਣ ਕਰ ਕੇ ਵਿਦਿਆਰਥੀਆਂ ਵਿੱਚ ਬਹੁਤ ਬੇਚੈਨੀ ਹੈ।ਇਸ ਸਮੇਂ ਅਧਿਆਪਕਾਂ ਨੂੰ ਬਹੁਤ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।ਜ਼ਰੂਰਤ ਹੈ ਬਹੁਤ ਹੀ ਸੰਜੀਦਗੀ ਨਾਲ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ।


ਸਭ ਤੋਂ ਵੱਡਾ ਮਸਲਾ ਜੋ ਅੱਜ ਅਧਿਆਪਕਾਂ ਦੇ ਸਾਹਮਣੇ ਹੈ  ਉਹ ਹੈ ਕਿ ਵਿਦਿਆਰਥੀਆਂ ਨੂੰ ਲਿਖਣ ਦੀ ਆਦਤ ਨਹੀਂ ਰਹੀ।ਕੋਰੋਨਾ ਸਮੇਂ ਪੇਪਰ ਵੀ ਐਮਸੀਕਿਊ ਫਾਰਮ ਵਿੱਚ ਹੋਏ।ਹੁਣ ਵਿਦਿਆਰਥੀ ਲਿਖਣ ਤੋਂ ਕਤਰਾਉਂਦੇ ਹਨ।ਅਜੇ ਪ੍ਰੀਖਿਆ ਵਿੱਚ ਸਮਾਂ ਹੈ  ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਲਿਖਣ ਦਾ ਲਗਾਤਾਰ ਅਭਿਆਸ ਕਰਵਾਉਣ  ।ਪ੍ਰੀਖਿਆ ਦੌਰਾਨ ਲਿਖਣ ਦਾ ਅਭਿਆਸ ਤੇ ਗਤੀ ਬਹੁਤ ਮਹੱਤਵ ਰੱਖਦੀ ਹੈ।ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਲਿਖਣ ਦਾ ਕਾਰਜ ਕਰਵਾਇਆ ਜਾਵੇ।ਬੋਰਡ ਪ੍ਰੀਖਿਆ ਵਿਚ ਅਜੇ ਕਾਫੀ ਸਮਾਂ ਹੈ।ਇਸ ਦੌਰਾਨ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਸਾਰੀ ਦੁਹਰਾਈ ਲਿਖਵਾ ਕੇ ਕਰਾਉਣ।ਇਸ ਨਾਲ ਇੱਕ ਤਾਂ ਵਿਦਿਆਰਥੀਆਂ ਦੀ ਲਿਖਣ ਵਿੱਚ ਦਿਲਚਸਪੀ ਵਧੇਗੀ ਅਤੇ ਉਨ੍ਹਾਂ ਦਾ ਦੀ ਗਤੀ ਵੀ ਵਧੇਗੀ।ਅਸੀਂ ਸਭ ਜਾਣਦੇ ਹਾਂ ਕਿ ਪੇਪਰ ਵਿੱਚ ਸੀਮਤ ਸਮਾਂ ਮਿਲਦਾ ਹੈ  ਦੇਸ਼ ਵਿਚ ਵਿਦਿਆਰਥੀਆਂ ਨੇ ਪੇਪਰ ਹੱਲ ਕਰਨਾ ਹੁੰਦਾ ਹੈ  ਸੌ ਤੇਜ਼ ਰਫ਼ਤਾਰ ਨਾਲ ਲਿਖਣਾ ਬਹੁਤ ਜ਼ਰੂਰੀ ਹੈ।


ਅਧਿਆਪਕਾਂ ਨੂੰ ਇਸ ਸਮੇਂ ਬਹੁਤ ਮਿਹਨਤ ਕਰਨੀ ਚਾਹੀਦੀ ਹੈ  ਤਾਂ ਜੋ ਉਹ  ਵਿਦਿਆਰਥੀਆਂ ਦੀਆਂ  ਸਮੱਸਿਆਵਾਂ ਨੂੰ ਹੱਲ ਕਰ ਸਕਣ।ਉਨ੍ਹਾਂ ਨੂੰ ਕਿਸੇ ਵੀ ਵਿਸ਼ੇ ਵਿੱਚ ਆ ਰਹੀਆਂ ਦਿੱਕਤਾਂ ਨੂੰ  ਦੂਰ ਕਰ ਸਕਣ।ਵਿਦਿਆਰਥੀਆਂ ਨੂੰ ਅਨੁਸ਼ਾਸਿਤ ਕਰ ਸਕਣ।ਵਿਦਿਆਰਥੀ ਜਦੋਂ ਜਮਾਤ ਵਿੱਚ ਬੈਠਣ ਦਾ ਢੰਗ ਵੀ ਕਾਫ਼ੀ ਹੱਦ ਤਕ ਭੁੱਲ ਚੁੱਕੇ ਹਨ ਮੈਨੂੰ ਜਮਾਤ ਦੀ ਅਹਿਮੀਅਤ ਦੀ ਸਮਝ ਆਵੇ।ਅਧਿਆਪਕਾਂ ਨੂੰ ਇਸ ਸਮੇਂ ਬਹੁਤ ਨਰਮ ਵਤੀਰਾ ਰੱਖਣਾ ਪਵੇਗਾ ਆਪਣੇ ਵਿਦਿਆਰਥੀਆਂ ਪ੍ਰਤੀ ਤਾਂ ਜੋ ਵਿਦਿਆਰਥੀ ਅਧਿਆਪਕ ਤੱਕ ਪਹੁੰਚ ਕਰਨ।ਰਸਮੀ ਸਿੱਖਿਆ ਦੇ ਫ਼ਾਇਦੇਮੰਦ ਢੰਗ ਅਪਣਾ ਕੇ  ਅਧਿਆਪਕ ਵਿਦਿਆਰਥੀਆਂ ਨੂੰ  ਅਨੁਸ਼ਾਸਨ ਵਿਚ ਰਹਿ ਕੇ  ਪ੍ਰੀਖਿਆ ਦੀ ਤਿਆਰੀ ਕਰਵਾ ਸਕਦੇ ਹਨ।


ਸਮਾਜ ਨੂੰ ਹਮੇਸ਼ਾ ਹੀ ਆਪਣੇ ਅਧਿਆਪਕਾਂ ਤੇ ਬਹੁਤ ਮਾਣ ਹੁੰਦਾ ਹੈ।ਉਮੀਦ ਹੈ ਅਧਿਆਪਕ ਇਸ ਮਾਣ ਨੂੰ ਬਰਕਰਾਰ ਰੱਖਣਗੇ।


ਹਰਪ੍ਰੀਤ ਕੌਰ ਸੰਧੂ  

ਹਿੰਦੀ ਮਿਸਟ੍ਰੈਸ  

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ

No comments:

Post a Comment

Note: only a member of this blog may post a comment.