Friday, 10 April 2020

After 10th Class

0 comments

ਦਸਵੀਂ ਤੋਂ ਬਾਅਦ ਕੀ ਕਰੀਏ ?
                                                                          -ਪ੍ਰੋ. ਜਸਵੀਰ ਸਿੰਘ
( Jasveerldd@gmail.com )
 ( ਮੋਬਾ. - 73550-54463 )

                        ਪਿਆਰੇ ਬੱਚਿਓ! ਜਦੋਂ ਤੁਸੀਂ ਦਸਵੀਂ ਕਰ ਰਹੇ ਹੁੰਦੇ ਹੋ ਜਾਂ ਕਰ ਚੁੱਕੇ ਹੁੰਦੇ ਹੋ ਤਾਂ ਤੁਹਾਡੇ ਦਿਮਾਗ਼ ਵਿਚ ਕੁੱਝ ਪ੍ਰਸ਼ਨ ਜ਼ਰੂਰ ਆਹੁੜਦੇ ਹਨ ਜਿਵੇਂ - ਅੱਗੇ ਕਿਹੜੀ ਸਟਰੀਮ ਵੱਲ ਜਾਇਆ ਜਾਏ ? ਕਿਸ ਪਾਸੇ ਜਲਦੀ ਤੇ ਚੰਗੀ ਕਮਾਈ ਯੋਗ ਨੌਕਰੀ ਮਿਲਣ ਦੀ ਆਸ ਹੈ ? ਜਾਂ ਫਿਰ ਅੱਗੇ ਪੜ੍ਹਿਆ ਜਾਵੇ ਜਾਂ ਕੋਈ ਰੁਜ਼ਗਾਰ ਲੱਭੀਏ ? ਇਨ੍ਹਾਂ ਸਵਾਲਾਂ ਨੂੰ ਜਰ੍ਹਾਂ ਇੱਥੇ ਹੀ ਅਟਕਾਓ ਤੇ ਸਭ ਤੋਂ ਪਹਿਲਾਂ ਆਪਣੀ ਫ਼ਿਕਰ ਤਿਆਗ ਦਿਓ ਤੇ ਆਓ ਹੁਣ ਆਪਾਂ ਸ੍ਵੈ ਨੂੰ ਪਛਾਨਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਆਪਣੀ ਸ਼ਖ਼ਸੀਅਤ ਦੇ ਗੁਣ ਦੇਖੋ, ਫਿਰ ਆਪਣੀਆਂ ਖ਼ਾਮੀਆਂ ਨੂੰ ਵੀ ਵਾਚੋ। ਇਸ ਤੋਂ ਅੱਗੇ ਵਧੋ ਤੇ ਆਪਣੀਆਂ ਪੜ੍ਹਨ ਤੇ ਖੋਜਣ ਦੀਆਂ ਰੁਚੀਆਂ ਵੱਲ ਧਿਆਨ ਦਿਓ। ਇਹੀ ਸਮਾਂ ਹੁੰਦਾ ਹੈ ਜਦੋਂ ਘਰ ਦੀ ਆਰਥਿਕ ਹਾਲਤ ਅਤੇ ਅਗਲੇਰੀ ਪੜ੍ਹਾਈ ਦੀਆਂ ਫੀਸਾਂ ਦਾ ਆਪਸੀ ਟਾਕਰਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰੀ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੀ ਲਿਸਟ ਦੇਖੀ ਜਾਵੇ, ਜੋ ਤੁਹਾਡੀ ਦਸਵੀਂ ਜਮਾਤ ਦੀ ਚੰਗੀ ਪ੍ਰਤੀਸ਼ਤ ਨੂੰ ਦੇਖਦਿਆਂ, ਤੁਹਾਡੇ ਵਲੋਂ ਚੁਣੇ ਜਾ ਰਹੇ ਕੋਰਸ ਲਈ ਸਹੀ ਅਤੇ ਸੁਚੱਜਾ ਯੋਗਦਾਨ ਦੇ ਸਕਣ ਦਾ ਭਰੋਸਾ ਦਿਵਾਉਂਦੀ ਹੋਵੇ ਤੁਸੀਂ ਉਹੀ ਸੰਸਥਾ ਤੁਸੀਂ ਚੁਣ ਸਕਦੇ।

                 ਅਜੋਕੇ ਵੇਲੇ ਸਿੱਖਿਆ ਦਾ ਬਹੁਤ ਪਸਾਰ ਹੋ ਚੁਕਿਆ ਹੈ। ਹਰ ਪਾਸੇ ਆਪੋ ਆਪਣੀ ਫੀਲਡ ਵਿਚ ਮਾਹਰ ਹੋਣ ਲਈ ਵੱਖ ਵੱਖ ਕੋਰਸ ਆਵਾਜ਼ਾਂ ਲਗਾਉਂਦੇ ਨਜ਼ਰ ਆਉਂਦੇ ਹਨ। ਇਸ ਵਕਤ ਤੁਸੀਂ ਜਿਸ ਫੀਲਡ/ਸਟਰੀਮ ਵੱਲ ਭਵਿੱਖ ਵੇਖ ਰਹੇ ਹੋ ਉਸ ਨਾਲ ਸੰਬੰਧਿਤ ਕੋਰਸਾਂ ਦੀ ਸੂਚੀ ਤਿਆਰ ਕਰੋ। ਹੋ ਸਕੇ ਤਾਂ ਉਸ ਫੀਲਡ ਦੇ ਉਦਮੀਆਂ ਦੀ ਸਲਾਹ ਜ਼ਰੂਰ ਲਵੋ, ਇਸੇ ਨਾਲ ਸ਼ਖ਼ਸੀਅਤ ਦੇ ਉਸਾਰ ਵਿਚ ਸਹਾਈ ਵਿਚਾਰਾਂ ਨਾਲ ਵੀ ਸਾਂਝ ਬਣਾਉਂਦੇ ਰਹਿਣਾ ਚਾਹੀਦਾ ਹੈ। ਤੁਹਾਡੇ ਵਲੋਂ ਇਕੱਤਰ ਕੀਤੀ ਗਈ ਕੋਰਸ ਸੂਚੀ ਵਿਚੋਂ ਆਪਣੀ ਪਸੰਦੀਦਾ ਕੋਰਸ ਚੁਣੋਂ,ਉਸ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਪਛਾਣ ਵੀ ਜ਼ਰੂਰ ਕਰ ਲੈਂਣੀ ਲੋੜੀਂਦੀ ਹੋਵੇਗੀ। ਮਸਲਨ, ਜੇਕਰ ਕੋਈ ਡਰ ਜਾਂ ਸ਼ੰਕਾ ਨਜ਼ਰ ਆਵੇ ਤਾਂ ਵੱਖ ਵੱਖ ਸਰੋਤਾਂ ਨੂੰ ਸਾਹਮਣੇ ਰੱਖਦਿਆਂ ਆਪਣੀ ਚੋਣ ਦੇ ਕੋਰਸ ਪ੍ਰਤੀ ਸਵੈ ਮੁਲਾਂਕਣ ਕਰੋ। ਇੱਥੇ ਆਖ਼ਰੀ ਸੱਚ ਇਹੀ ਹੈ ਕਿ 'ਕਰ ਮਜੂਰੀ , ਖਾ ਚੂਰੀ' ਅਰਥਾਤ ਮਿਹਨਤ ਨੂੰ ਹੀ ਫ਼ਲ ਮਿਲਦਾ ਹੈ। ਜਿਸ ਲਗ਼ਨ ਤੇ ਸ਼ਿੱਦਤ ਨਾਲ ਤੁਸੀਂ ਆਪਣੇ ਕੋਰਸ ਪ੍ਰਤੀ ਮਿਹਨਤੀ ਹੋ ਸਕੋਂਗੇ ਉਸ ਕਦਰ ਹੀ ਤੁਹਾਡੀ ਸਫ਼ਲਤਾ ਦਾ ਸੂਰਜ ਉਦੈ ਹੋਵੇਗਾ।

             ਆਓ ਹੁਣ ਦਸਵੀਂ ਕਰਨ ਮਗਰੋਂ ਕਿਹੜਾ ਫੀਲਡ ਜਾਂ ਸਟਰੀਮ ਚੁਣ ਸਕਦੇ ਹਾਂ ਇਸ ਵੱਲ ਝਾਤ ਮਾਰੀਏ। ਮੈਨੂੰ ਪੰਜਾਬੀ ਦੇ ਸੁਲਝੇ ਅਧਿਆਪਕ ਤੇ ਪੰਜਾਬੀ ਕਵੀ ਕਰਮਜੀਤ ਗਰੇਵਾਲ ਹੋਰਾਂ ਦੀ ਰਚਨਾ ਦਾ ਬੰਦ ਯਾਦ ਰਿਹਾ ਹੈ ਉਨ੍ਹਾਂ ਲਿਖਿਆ ਸੀ ਕਿ
"ਸਾਇੰਸ, ਆਰਟਸ, ਕਮਰਸ, ਵੋਕੇਸ਼ਨ
   ਇੱਕ ਗੱਡੀ ਦੇ ਚਾਰ ਸਟੇਸ਼ਨ"

                  ਬੇਸ਼ੱਕ ਕਾਵਿ-ਬੰਦ ਦੀਆਂ ਚਾਰ ਸਟਰੀਮਸ 'ਚੋਂ ਆਮ ਕਰਕੇ ਇਕ ਚੁਣ ਲਿਆ ਜਾਂਦਾ ਹੈ। ਜੋ ਬੱਚੇ ਕਲਾ , ਸਾਹਿਤ ਆਦਿ ਦੇ ਖੇਤਰ ਵੱਲ ਜਾਣਾ ਚਾਹੁੰਦੇ ਹਨ ਉਹ ਆਰਟਸ ਸਟਰੀਮ ਚੁਣ ਲੈਂਦੇ ਨੇ, ਜਿੰਨ੍ਹਾਂ ਨੇ ਡਾਕਟਰੀ ਆਦਿ ਸੇਵਾਵਾਂ ਦੇਣ ਦੀ ਠਾਣੀ ਹੁੰਦੀ ਹੈ ਉਹ ਸਾਇੰਸ ਦਾ ਫੀਲਡ ਚੁਣਦੇ ਹਨ। ਇਸੇ ਤਰ੍ਹਾਂ ਬੈਕਿੰਗ ਜਾਂ ਅਰਥ-ਸ਼ਾਸਤਰ ਨਾਲ ਸੰਬੰਧਿਤ ਰੁਝਾਨਾਂ ਵਾਲੇ ਬੱਚੇ ਕਮਰਸ ਵੱਲ ਨੂੰ ਤੁਰ ਪੈਂਦੇ ਹਨ ਅਤੇ ਆਖ਼ਰ ਅੱਗੇ ਵੇਖੀਏ ਤਾਂ ਇਲੈਕਟ੍ਰਾਨਿਕ ਆਦਿ ਕੰਮਾਂ ਵਿਚ ਦਿਲਚਸਪੀ ਰੱਖਣ ਵਾਲੇ ਬੱਚੇ ਵੋਕੇਸ਼ਨਲ ਸਟਰੀਮ ਨੂੰ ਤਰਜੀਹ ਦਿੰਦੇ ਹਨ।  ਦਸਵੀਂ ਜਮਾਤ ਕਰਨ ਮਗਰੋਂ ਗਿਆਰਵੀਂ ਦੀ ਪੜਾਈ ਰਸਮੀ ਜਾਂ ਰਵਾਇਤੀ ਸਿਖਿਆ ਵਜੋਂ ਜਾਣੀ ਜਾਂਦੀ ਹੈ।

           ਇਨ੍ਹਾਂ ਚਾਰ ਸਟਰੀਮਸ ਨੂੰ ਨਜ਼ਰਸਾਨੀ ਕਰਦਿਆਂ ਹੀ , ਇਨ੍ਹਾਂ ਦੇ ਸਮਾਂਤਰ ਕੁੱਝ ਉਦਮੀ ਕੋਰਸ ਹਨ ਜੋ ਦਸਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਟੈਕਨੀਕਲ ਕੋਰਸਾਂ ਦੇ ਰੂਪ ਵਿਚ ਵਿਚਾਰੇ ਜਾ ਸਕਦੇ ਹਨ। ਟੈਕਨੀਕਲ ਕੋਰਸਾਂ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ
1) ਆਈ.ਟੀ.ਆਈ.
2) ਡਿਪਲੋਮਾ
3) ਸ਼ੌਟ-ਟਰਮ ਕੋਰਸ

            ਪੰਜਾਬ ਵਿਚ ਕਿੱਤੇ ਮੁੱਖੀ ਕੋਰਸ ਆਈ.ਟੀ.ਆਈ. ਸੰਸਥਾਵਾਂ ਵੱਲੋਂ ਵੱਖ ਵੱਖ ਸੁਵਿਧਾਵਾਂ ਅਤੇ ਸਕੌਲਰਸ਼ਿੱਪਸ ਅਧੀਨ ਕਰਵਾਏ ਜਾਂਦੇ ਹਨ। ਜਿਸ ਵਿਚ ਇਕ ਸਾਲਾ ਡਿਪਲੋਮਾ ਕੋਰਸ ਹਨ :- ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਕਟਿੰਗ ਟੇਲਰਿੰਗ, ਵੈਲਡਰ ,ਕੰਪਿਊਟਰ ਹਾਰਡਵੇਅਰ,  ਕਾਰਪੇਂਟਰ,  ਟਰੈਕਟਰ ਮਕੈਨਿਕ ਕੋਰਸ ਆਦਿ ਹਨ। ਇਸੇ ਤਰ੍ਹਾਂ ਦੋ ਸਾਲਾ ਡਿਪਲੋਮਾ ਕੋਰਸ ਹਨ - ਫਿਟਰ, ਪਲੰਬਰ,  ਇਲੈਕਟਰੀਸ਼ਨ, ਡੀਜ਼ਲ ਮਕੈਨਿਕ ਆਦਿ ਇਸ ਤੋਂ ਅੱਗੇ ਨਜ਼ਰ ਮਾਰੀਏ ਤਾਂ ਤਿੰਨ ਅਤੇ ਚਾਰ ਸਾਲਾ ਕੋਰਸਾਂ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਪ੍ਰੌਡਕਸ਼ਨ ਇੰਜੀਨੀਅਰਿੰਗ, ਮਕੈ.ਇੰਜੀ.ਟੂਲ ਅਤੇ ਡਾਈ ਟੈਕਨੋਲੋਜੀ, ਕੰਪਿਊਟਰ ਇੰਜੀਨੀਅਰਿੰਗ, ਇਨਫਾਰਮੇਸ਼ਨ ਟੈਕਨੋਲੋਜੀ, ਇਲੈਕਟਰੋਨਿਕ ਕੋਮਿਊਨੀਕੇਸ਼ਨ, ਇਲੈਕਟਰੋਨਿਕ ਟੈਲੀ ਕੋਮਿਊਨੀਕੇਸ਼ਨ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨ, ਗਾਰਮੈਂਟ, ਨਿਟਿੰਗ, ਲ਼ੈਦਰ ਟੈਕਨੋਲੋਜੀ, ਮਾਡਰਨ ਆਫਿਸ ਪ੍ਰੈਕਟਿਸ, ਲਾਇਬਰੇਰੀ ਅਤੇ ਇਨਫਾਰਮੇਸ਼ਨ ਸਾਇੰਸ ਤੋਂ ਇਲਾਵਾ ਮੈਡੀਕਲ ਲੈਬ ਟੈਕਨਾਲੌਜੀ, ਟੈਕਸਟਾਈਲ ਟੈਕਨਾਲੌਜੀ, ਕੈਮੀਕਲ ਇੰਜੀਨੀਅਰਿੰਗ, ਪਲਾਸਟਿਕ ਟੈਕਨਾਲੋਜੀ, ਆਟੋਮੋਬਾਇਲ ਇੰਜੀਨੀਅਰਿੰਗ ਆਦਿ ਕੋਰਸਾਂ 'ਚੋਂ ਆਪਣੀ ਸਮਰਥਾ ਅਤੇ ਰੁਝਾਨ ਅਨੁਸਾਰ ਚੁਣਿਆ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਮੈਟ੍ਰਿਕ ਪ੍ਰੀਖਿਆ ਦੇ ਨੰਬਰਾਂ ਦੇ ਆਧਾਰ 'ਤੇ  ਸੀਟ ਮਿਲ ਜਾਂਦੀ ਹੈ। ਕੋਰਸ ਐਡਮਿਸ਼ਨ ਸੰਬੰਧੀ ਸੂਚਨਾ ਵੱਖ ਵੱਖ ਅਖ਼ਬਾਰਾਂ ਵਿੱਚ ਸਮੇਂ ਸਿਰ ਆਉਂਦੀਆਂ ਰਹਿੰਦੀਆਂ ਹਨ। ਹਰ ਸਾਲ ਜੇ..ਟੀ. ( ਜੌਇੰਟ ਇੰਟਰੈਸ ਟੈਸਟ ) ਦਾ ਇਮਤਿਹਾਨ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੁਕੇਸ਼ਨ ਅਤੇ ਇੰਡਸਰੀਅਲ  ਟ੍ਰੇਨਿੰਗ ਵਲੋਂ ਅਪ੍ਰੈਲ/ਮਈ/ ਜੂਨ ਮਹੀਨੇ ਵਿਚ ਲਿਆ ਜਾਂਦਾ ਸੀ।ਹੁਣ ਇਹ ਫਿਲ ਹਾਲ ਨਹੀਂ ਲਿਆ ਜਾ ਰਿਹਾ। ਇਨ੍ਹਾਂ ਕੋਰਸਾਂ ਬਾਰੇ ਹੋਰ ਅਪਡੇਟਡ ਜਾਣਕਾਰੀ ਲਈ www.punjabteched.com 'ਤੇ ਲਾਗਿਨ ਕੀਤਾ ਜਾ ਸਕਦਾ ਹੈ। ਯਾਦ ਰਹੇ ਆਈ.ਟੀ.ਆਈ. ਕੋਰਸਾਂ ਦੀ ਚੋਣ ਅੱਠਵੀਂ ਕਰਨ ਮਗਰੋਂ ਵੀ ਕੀਤੀ ਜਾ ਸਕਦੀ ਹੈ।

                ਪੰਜਾਬ ਵਿਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਬੇ-ਰੋਜ਼ਗਾਰ ਨੌਜਵਾਨਾਂ ਅਤੇ ਆਪਣੀ ਪੜ੍ਹਾਈ ਨੂੰ ਕਿੱਤਾਮੁਖੀ ਕੋਰਸਾਂ ਵਜੋਂ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਬਹੁਤ ਸਾਰੇ ਮੁਫ਼ਤ ਕੋਰਸ ਮਹੁੱਈਆਂ ਕਰਵਾਉਂਦੀਆਂ ਹਨ। ਜਿਸ ਵਿਚ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ ਦੇ ਨਾਲ ਨਾਲ ਮੁਫ਼ਤ ਰਹਿਣ ਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਪ੍ਰਰਾਥੀ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਅਜਿਹੀਆਂ ਕਾਰਜਸ਼ੀਲ ਸੰਸਥਾਵਾਂ ਵਿਚੋਂ ਇਕ ਸੰਸਥਾ ਰੂਡਸੇਟ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਰੂਡਸੇਟ ਦਾ ਅਰਥ ਹੈ - ਪੇਂਡੂ ਵਿਕਾਸ ਅਤੈ ਸਵੈ ਰੋਜ਼ਗ਼ਾਰ ਸਿਖਲਾਈ ਸੰਸਥਾ। ਸੰਨ 1882 ਵਿਚ ਇਹ ਸੰਸਥਾ ਹੋਂਦ ਵਿਚ ਆਈ ਸੀ। ਇਸ ਸਮੇਂ ਪੂਰੇ ਭਾਰਤ ਵਿਚ 27 ਸਾਖ਼ਾਵਾ ( ਬ੍ਰਾਂਚਾਂ ) ਕੰਮ ਕਰ ਰਹੀਆਂ ਹਨ। ਜਿਲ੍ਹੇ ਜਲੰਧਰ ਵਿਚ 2000 . ਵਿਚ ਰੂਡਸੇਟ ਸੰਸਥਾ ਸਥਾਪਤ ਕੀਤੀ ਗਈ ਸੀ। ਜਿਥੇ ਅੱਠ ਘੰਟੇ ਰੋਜ਼ਾਨਾ ਭਾਵ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸਿਖਲਾਈ ਦਿੱਤੀ ਜਾਂਦੀ ਹੈ। ਸਾਰੇ ਦੇ ਸਾਰੇ ਕੋਰਸ ਸ਼ੌਟ-ਟਰਮ ਹਨ। ਜਿਵੇਂ - ਟੇਲਰਿੰਗ ਅਤੇ ਡਰੈੱਸ ਡਿਜ਼ਾਇਨਿੰਗ ( ਲੜਕੇ ਤੇ ਲੜਕੀਆਂ), ਬਿਊਟੀ ਪਾਰਲਰ ਮੈਨਜਮੈਂਟ, ਕੰਪਿਊਟਰ ਟੈਲੀ/ਅਕਾਊਂਟਿੰਗ, ਫਰਿੱਜ ਅਤੇ .ਸੀ. ਮੁਰੰਮਤ, ਪਲਮਬਰਿੰਗ ਅਤੇ ਸੈਨਟਰੀ ਵਰਕ, ਮੋਟਰ ਵਾਇਡਿੰਗ, ਪੰਪ ਸੈੱਟ ਰਿਪੇਇ ਅਤੇ ਬਿਜਲੀ ਫਿਟਿੰਗ, ਫੋਟੋਗ੍ਰਾਫੀ ਅਤੇ ਵਿਡਿਓਗ੍ਰਾਫ਼ੀ, ਫੌਰਵਿਲਰ ਡਰਾਇਵਿੰਗ, ਮੋਬਾਇਲ ਰਿਪੇਅਰਿੰਗ, ਆਦਿ ਕੋਰਸ ਦੀ ਟ੍ਰੇਨਿੰਗ 30 ਦਿਨ ਅਤੇ ਖੁੰਬ ਉਤਪਾਦਨ, ਮਧੂਮੱਖੀ ਪਾਲਣ, ਪਸ਼ੂ ਪਾਲਭ ਅਤੇ ਖਾਦ ਬਨਾਉਣ, ਫਾਸਟ ਫੂਡ ਪ੍ਰੀਪ੍ਰੇਸ਼ਨ ਆਦਿ ਦੀ ਸਿਖਲਾਈ ਦਸ ਦਿਨ ਵਿਚ ਦਿੱਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਤੋਂ ਬਿੰਨਾਂ ਹੋਰ ਵੀ ਸ਼ੌਟ-ਟਰਮ ਕੋਰਸ ਜਿਵੇਂ ਕੰਪਿਊਟਰ ਰਿਪੇਅਰਿੰਗ, ਕੰਪਿਊਟਰ ਡੀ.ਟੀ.ਪੀ. ਸਲਾਈ-ਕਢਾਈ, ਡਾਟਾ ਉਪਰੇਟਰ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਸਾਰੇ ਕੋਰਸ  ਸਰਕਾਰੀ ਅਤੇ ਸਰਟੀਫਾਇਡ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਸੰਸਥਾਨ ਵਲੋਂ ਵੀ ਕਿੱਤਾ-ਸਹਾਈ ਕੋਰਸ ਕਰਵਾਏ ਜਾਂਦੇ ਹਨ।

               ਇਨ੍ਹਾਂ ਸਭ ਕੋਰਸਾਂ ਤੋਂ ਅਗਾਂਹ ਵਧਦਿਆਂ, ਜੇਕਰ ਤੁਸੀਂ ਕਿਸੇ ਵਿਸ਼ੇਸ਼ ਮੁਹਾਰਤ ਦੇ ਧਾਰਨੀ ਹੋ ਤਾਂ ਇੰਟਰਪਨਿਓਰਸ਼ਿਪ ਭਾਵ ਆਪਣਾ ਕਿੱਤਾ ਜਾਂ ਕੰਮ ਵੀ ਸ਼ੁਰੂ ਕਰ ਸਕਦੇ। ਉਦਾਹਰਣ ਲਈ ਤੁਸੀਂ ਇਕ ਯੂਟਿਊਬਰ ਵਜੋਂ, ਇਕ ਡਿਜ਼ਾਈਨਰ ਵਜੋਂ ਜਾਂ ਟਾਈਪਿਸਟ ਵਜੋਂ ਜਾਂ ਪ੍ਰਕਾਸ਼ਕ ਦਾ ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹੋ। ਇਨ੍ਹਾਂ ਕੋਰਸਾਂ ਤੋਂ ਇਲਾਵਾ ਫ੍ਰੀਲੈਸਿੰਗ ਰਾਹੀਂ ਆਪਣੀ ਪਸੰਦੀਦਾ ਕਿੱਤੇ ਅਖਤਿਆਰ ਕਰ ਸਕਦੇ ਹੋ। ਪਿਆਰੇ ਦੋਸਤੋ ! ਤੁਹਾਡਾ ਆਉਣ ਵਾਲਾ ਕੱਲ੍ਹ ਤੁਹਾਡੇ ਆਪਣੇ ਫੈਸਲੇ 'ਤੇ ਨਿਰਭਰ ਕਰਦਾ ਹੈ। ਤੁਸੀਂ ਦੱਸੇ ਗਏ ਕੋਰਸਾਂ ਵਿਚੋਂ ਆਪਣੀ ਰੁਚੀ ਅਤੇ ਰੁਝਾਨ ਨੂੰ ਪ੍ਰਮੁੱਖਤਾ ਦਿੰਦਿਆਂ ਕੋਈ ਵੀ ਕੋਰਸ ਚੁਣ ਸਕਦੇ ਹੋ। ਇਕ ਗੱਲ ਹੋਰ ਆਪਣਾ ਕਿੱਤਾਮੁਖੀ ਕੋਰਸ ਕਰਨ ਮਗਰੋਂ ਰੁਜ਼ਗਾਰ ਹਾਸਲ ਕਰਕੇ, ਆਪਣੀ ਅਕਾਦਮਿਕ ਪੜ੍ਹਾਈ ਨੂੰ ਵੀ ਨਾਲ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹਿਓ। ਤੁਹਾਡੇ ਸ਼ਾਨਾਮੱਤੇ ਅਤੇ ਸੁਨਹਿਰੇ ਭਵਿੱਖ ਲਈ ਆਸਵੰਦ ਖ਼ਿਆਲ ਜ਼ਹਿਨ ਵਿਚ ਉਸਾਰਦਿਆਂ  ਵਿਦਾ ਲੈਂਦਾ ਹਾਂ।

No comments:

Post a Comment

Note: only a member of this blog may post a comment.